ਮੋਹਾਲੀ : ਪੰਜਾਬ ਦੇ ਸਿੱਖਿਆ ਮੰਤਰੀ ਨੇ ਪੰਜਾਬ ਸਕੂਲ ਸਿੱਖਿਆ ਵਲੋਂ ਤਿਆਰ ਕੀਤੀ ਜਾ ਰਹੀ 12ਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ ਨੂੰ ਲੈ ਕੇ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੂੰ ਖੂਬ ਫਿਟਕਾਰ ਲਾਈ। ਅਸਲ ਵਿਚ ਸਿੱਖਿਆ ਮੰਤਰੀ ਮੋਹਾਲੀ ਵਿਖੇ ਇਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਆਏ ਸਨ। ਪ੍ਰੋਗਰਾਮ ਤੋਂ ਬਾਅਦ ਜਦੋਂ ਮੀਡੀਆ ਨੇ ਸਿੱਖਿਆ ਮੰਤਰੀ ਤੋਂ 12ਵੀਂ ਦੀ ਇਤਿਹਾਸ ਦੀ ਪੁਸਤਕ ਸਬੰਧੀ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਸੋਨੀ ਨੇ ਕਿਹਾ ਕਿ ਇਹ ਕਿਤਾਬ ਸਿੱਖਿਆ ਬੋਰਡ ਵਲੋਂ ਤਿਆਰ ਕਰਵਾਈ ਜਾ ਰਹੀ ਹੈ, ਇਸ ਲਈ ਬੋਰਡ ਦੇ ਚੇਅਰਮੈਨ ਹੀ ਇਸ ਦਾ ਜਵਾਬ ਦੇਣਗੇ।
ਉਸ ਵੇਲੇ ਚੇਅਰਮੈਨ ਕਲੋਹੀਆ ਉਥੇ ਹੀ ਬੈਠੇ ਸਨ ਪਰ ਸਿੱਖਿਆ ਮੰਤਰੀ ਵਲੋਂ ਬੁਲਾਏ ਜਾਣ ‘ਤੇ ਉਹ ਮੀਡੀਆ ਨੂੰ ਜਵਾਬ ਦੇਣ ਲਈ ਅੱਗੇ ਨਹੀਂ ਆਏ। ਇਕ ਤਰ੍ਹਾਂ ਨਾਲ ਕਲੋਹੀਆ ਵਲੋਂ ਜਦੋਂ ਮੀਡੀਆ ਨੂੰ ਇਹ ਜਵਾਬ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਤਾਂ ਮੀਡੀਆ ਸਾਹਮਣੇ ਸਿੱਖਿਆ ਮੰਤਰੀ ਨੂੰ ਹੀ ਗੱਲ ਕਰਨੀ ਪਈ। ਸਿੱਖਿਆ ਮੰਤਰੀ ਨੇ ਇਸ ਸਾਰੇ ਮਾਮਲੇ ਦੀ ਸਫਾਈ ਦਿੱਤੀ ਅਤੇ ਦੱਸਿਆ ਕਿ ਅਜੇ ਕਿਤਾਬ ਤਿਆਰ ਹੋ ਰਹੀ ਹੈ ਅਤੇ ਜੋ ਤਰੁੱਟੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਛੇਤੀ ਦੂਰ ਕਰ ਦਿੱਤਾ ਜਾਵੇਗਾ।
ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਸੋਨੀ ਜਦੋਂ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਆਪਣੀ ਗੱਡੀ ਵਿਚ ਬੈਠਣ ਲੱਗੇ ਤਾਂ ਉਨ੍ਹਾਂ ਕਲੋਹੀਆ ਨੂੰ ਖੂਬ ਫਿਟਕਾਰ ਲਾਈ। ਉਨ੍ਹਾਂ ਕਲੋਹੀਆ ਨੂੰ ਕਿਹਾ ਕਿ ਸਾਰਾ ਕੁਝ ਕਰਨ ਕਰਵਾਉਣ ਵਾਲੇ ਤੁਸੀਂ ਹੋ ਅਤੇ ਮੈਨੂੰ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣਾ ਪੈ ਰਿਹਾ ਹੈ। ਸਿੱਖਿਆ ਸਕੱਤਰ ਦੇ ਸਾਹਮਣੇ ਉਨ੍ਹਾਂ ਕਿਹਾ ਸੀ ਕਿ ਇਸ ਪਾਠ-ਪੁਸਤਕ ਦੇ ਜਿਹੜੇ ਵੀ ਚੈਪਟਰ ਤਿਆਰ ਹੋ ਰਹੇ ਹਨ, ਉਹ ਜਾਂਚ ਤੋਂ ਬਾਅਦ ਹੀ ਵੈੱਬਸਾਈਟ ‘ਤੇ ਪਾਏ ਜਾਣ।
ਸੋਨੀ ਨੇ ਤਾਂ ਸਿੱਖਿਆ ਬੋਰਡ ਦੇ ਚੇਅਰਮੈਨ ‘ਤੇ ਇਥੋਂ ਤਕ ਗੰਭੀਰ ਦੋਸ਼ ਲਾ ਦਿੱਤਾ ਕਿ ਇਸ ਮਾਮਲੇ ‘ਚ ਕਲੋਹੀਆ ਦੀ ਵੀ ਸ਼ਮੂਲੀਅਤ ਹੈ। ਆਪਣੀ ਗੱਡੀ ‘ਚ ਬੈਠਦਿਆਂ ਸੋਨੀ ਨੇ ਝਿੜਕਦਿਆਂ ਕਿਹਾ ਕਿ ‘ਮੈਂ ਸਮਝਦਾ ਇਸ ‘ਚ ਤੁਹਾਡਾ ਵੀ ਹੱਥ ਹੈ।’