ਰਾਜਸਥਾਨ : ਭਾਜਪਾ ‘ਚ ਦਿਸੀ ਬਗਾਵਤ, ਵਿਧਾਇਕ ਦੇ ਰਹੇ ਨੇ ਅਸਤੀਫਾ

ਜੈਪੁਰ — ਰਾਜਸਥਾਨ ਵਿਚ ਭਾਜਪਾ ਨੇ 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ 131 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ ਦੇ ਸਾਹਮਣੇ ਆਉਣ ਦੇ ਇਕ ਦਿਨ ਬਾਅਦ ਪਾਰਟੀ ਤੋਂ ਪੰਜ ਵਾਰ ਵਿਧਾਇਕ ਰਹੇ ਅਤੇ ਵਸੁੰਧਰਾ ਸਰਕਾਰ ਦੇ ਮੰਤਰੀ ਸੁਰਿੰਦਰ ਗੋਏਲ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਅਸਤੀਫੇ ਦੇ ਨਾਲ 21 ਹੋਰ ਵਿਧਾਇਕਾਂ ਨੇ ਵੀ ਪਾਰਟੀ ਛੱਡਣ ਦੀ ਧਮਕੀ ਦਿੱਤੀ ਹੈ। ਜਨ ਸਿਹਤ ਇੰਜੀਨੀਅਰਿੰਗ ਅਤੇ ਜਲ ਸਰੋਤ ਮੰਤਰੀ ਸੁਰਿੰਦਰ ਗੋਏਲ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਨਾਗੌਰ ਤੋਂ ਵਿਧਾਇਕ ਹਬੀਬੁਰ ਰਹਿਮਾਨ ਨੇ ਆਪਣਾ ਅਸਤੀਫਾ ਮੰਗਲਵਾਰ ਨੂੰ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨੂੰ ਈਮੇਲ ਕੀਤਾ।
ਪਹਿਲੀ ਸੂਚੀ ਵਿਚ ਆਪਣਾ ਨਾਮ ਨਾ ਪਾਉਣ ਵਾਲੇ ਪਾਰਟੀ ਦੇ ਕਈ ਹੋਰ ਵਿਧਾਇਕ ਵੀ ਆਜ਼ਾਦ ਚੋਣ ਲੜਨ ਦੀ ਤਿਆਰੀ ਵਿਚ ਹਨ। ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ 131 ਵਿਧਾਇਕਾਂ ਦੀ ਪਹਿਲੀ ਸੂਚੀ ਐਤਵਾਰ ਦੇਰ ਰਾਤ ਜਾਰੀ ਕੀਤੀ। ਇਸ ਵਿਚ ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕਾਂ ਵਿਚੋਂ 85 ‘ਤੇ ਮੁੜ ਭਰੋਸਾ ਜ਼ਾਹਰ ਕੀਤਾ ਜਦਕਿ 26 ਨੂੰ ਟਿਕਟ ਨਹੀਂ ਦਿੱਤੀ। ਰਹਿਮਾਨ ਨੇ ਸਮਾਚਾਰ ਏਜੰਸੀ ਨਾਲ ਗੱਲਬਾਤ ਵਿਚ ਕਿਹਾ,”ਮੈਂ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਅੱਜ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨੂੰ ਭੇਜ ਦਿੱਤਾ ਹੈ। ਮੇਰਾ ਟਿਕਟ ਕੱਟੇ ਜਾਣ ਨਾਲ ਪਾਰਟੀ ਕਾਰਕੁੰਨਾਂ ਵਿਚ ਨਾਰਾਜ਼ਗੀ ਹੈ। ਇਸ ਲਈ ਮੈਂ ਇਹ ਫੈਸਲਾ ਕੀਤਾ ਹੈ।” ਉਨ੍ਹਾਂ ਨੇ ਕਿਹਾ ਕਿ ਉਹ ਦਿੱਲੀ ਵਿਚ ਹਨ ਅਤੇ ਆਪਣੇ ਸਮਰਥਕਾਂ ਨਾਲ ਚਰਚਾ ਦੇ ਬਾਅਦ ਹੀ ਭਵਿੱਖ ਦਾ ਫੈਸਲਾ ਕਰਨਗੇ।
ਰਾਮਗੰਜ ਪਾਰਟੀ ਦੀ ਵਿਧਾਇਕ ਚੰਦਰਕਾਂਤਾ ਮੇਘਵਾਲ ਨੇ ਵੀ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ,”ਮੇਰੀ ਵਿਧਾਨਸਭਾ ਸੀਟ ਤੋਂ ਮੇਰੇ ਬਜਾਏ ਕਿਸੇ ਹੋਰ ਨੂੰ ਟਿਕਟ ਦਿੱਤਾ ਗਿਆ ਹੈ। ਮੈਨੂੰ ਨਹੀਂ ਪਤਾ ਕਿ ਪਾਰਟੀ ਨੇ ਅਜਿਹਾ ਕਿਉਂ ਕੀਤਾ। ਮੈਂ ਆਪਣੇ ਵਿਧਾਨਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਲੜਾਂਗੀ।” ਸੋਜਤ ਤੋਂ ਦੋ ਵਾਰ ਦੀ ਵਿਧਾਇਕ ਸੰਜਨਾ ਆਗਰੀ ਨੇ ਵੀ ਟਿਕਟ ਨਾ ਦਿੱਤੇ ਜਾਣ ‘ਤੇ ਹੈਰਾਨੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ 15 ਸਾਲ ਵਿਚ ਅਨੁਸੂਚਿਤ ਜਾਤੀ ਦੇ ਰਵਾਇਤੀ ਵੋਟਰਾਂ ਨੂੰ ਭਾਜਪਾ ਨਾਲ ਜੋੜਨ ਲਈ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਪਰ ਪਾਰਟੀ ਨੇ ਗਲਤ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਅਤੇ ਮੇਘਵਾਲ ਭਾਈਚਾਰੇ ਨੂੰ ਹੈਰਾਨੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਟਿਕਟ ਲੈਣ ਦੀ ਕੋਸ਼ਿਸ਼ ਕਰੇਗੀ ਅਤੇ ਜੇ ਨਹੀਂ ਮਿਲਦੀ ਤਾਂ ਵੀ ਪਾਰਟੀ ਲਈ ਕੰਮ ਕਰਦੀ ਰਹੇਗੀ। ਡੂੰਗਰਪੁਰ ਦੇ ਭਾਜਪਾ ਵਿਧਾਇਕ ਦੇਵੇਂਦਰ ਕਟਾਰਾ ਨੇ ਕਿਹਾ ਹੈ ਕਿ ਉਹ ਪਾਰਟੀ ਕਾਰਕੁੰਨਾਂ ਨਾਲ ਚਰਚਾ ਦੇ ਬਾਅਦ ਸ਼ਾਮ ਤੱਕ ਕੋਈ ਫੈਸਲਾ ਲੈਣਗੇ।