ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭ੍ਰਿਸ਼ਟਾਚਾਰ ’ਤੇ ਲਗਾਮ ਕੱਸਣ ਲਈ ਇਕ ਵੱਡਾ ਫੈਸਲਾ ਲਿਆ ਹੈ। ਉਸ ਨੇ ਕੁਰੱਪਸ਼ਨ ਲਈ ਬਦਨਾਮ ਹੋ ਚੁੱਕੀ ਜਨਰਲ ਮੈਨੇਜਰ ਦੀ ਕੁਰਸੀ ’ਤੇ ਸੋਮਵਾਰ ਨੂੰ ਨਵਾਂ ਕਪਤਾਨ ਨਿਯੁਕਤ ਕਰ ਦਿੱਤਾ ਹੈ। ਕਮੇਟੀ ਦੇ ਸਭ ਤੋਂ ਸੀਨੀਅਰ ਅਧਿਕਾਰੀ ਰਹੇ ਧਰਮਿੰਦਰ ਸਿੰਘ ਨੂੰ ਨਵਾਂ ਜਨਰਲ ਮੈਨੇਜਰ ਬਣਾਇਆ ਗਿਆ ਹੈ। ਉਹ ਮੌਜੂਦਾ ਸਮੇਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਨਰਲ ਮੈਨੇਜਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।
ਇਸ ਨਿਯੁਕਤੀ ਦੇ ਨਾਲ ਹੀ 5 ਸਾਲ ਤੋਂ ਵੱਧ ਸਮੇਂ ਤੋਂ ਗੁਰਦੁਆਰਾ ਕਮੇਟੀ ਦੀ ਅਹਿਮ ਸੀਟ ’ਤੇ ਕਾਬਜ਼ ਜਨਰਲ ਮੈਨੇਜਰ ਹਰਜੀਤ ਸਿੰਘ ਸੂਬੇਦਾਰ ਦਾ ਯੁੱਗ ਖਤਮ (ਮੁਅੱਤਲ) ਹੋ ਗਿਆ ਹੈ। ਸੂਬੇਦਾਰ 82 ਹਜ਼ਾਰ ਧਾਰਮਕ ਪੁਸਤਕ ਘਪਲੇ ਸਣੇ ਕਈ ਹੋਰ ਮਾਮਲਿਆਂ ਵਿਚ ਮੁਲਜ਼ਮ ਹੈ, ਜਿਸ ਦੇ ਕਾਰਨ ਕੁਝ ਦਿਨ ਪਹਿਲਾਂ ਉਸ ਨੂੰ ਮੁਅੱਤਲ ਕੀਤਾ ਗਿਆ ਸੀ। ਕਮੇਟੀ ਨੇ ਖਰਚਾ ਘਟਾਉਣ ਲਈ ਵੀ ਆਪਣੇ ਕਰਮਚਾਰੀਆਂ ਦੇ ਭੱਤੇ ਬੰਦ ਕਰ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਕਈ ਮੈਂਬਰਾਂ ਕੋਲ ਚੱਲ ਰਹੀਆਂ ਕਮੇਟੀ ਦੀਆਂ ਗੱਡੀਆਂ, ਡਰਾਈਵਰਾਂ, ਸੇਵਾਦਾਰਾਂ ਨੂੰ ਵੀ ਵਾਪਸ ਲੈਣ ਦੀ ਤਿਆਰੀ ’ਚ ਹੈ।
ਜੀ. ਕੇ.-ਸਿਰਸਾ ਵਿਚਾਲੇ ਸਮਝੌਤਾ ਕਰਵਾਉਣ ’ਚ ਲੱਗੇ ਆਗੂ
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿਘ ਜੀ. ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਿਚਾਲੇ ਛਿੜੀ ਜੰਗ ਨੂੰ ਖਤਮ ਕਰਵਾਉਣ ਅਤੇ ਦੂਰੀਆਂ ਘਟਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਾਰਥੀ ਆਗੂਆਂ ਨੂੰ ਮੈਦਾਨ ਵਿਚ ਉਤਾਰਿਆ ਹੈ। ਇਥੋਂ ਤੱਕ ਕਿ ਸੁਖਬੀਰ ਨੇ ਦੋਵਾਂ ਨੂੰ ਮਿਲ ਕੇ ਕੰਮ ਕਰਨ ਲਈ ਕਹਿ ਦਿੱਤਾ ਹੈ। ਆਸ ਹੈ ਕਿ ਸਿਰਸਾ ਵਾਪਸ ਕਮੇਟੀ ’ਚ ਆ ਕੇ ਆਪਣਾ ਚਾਰਜ ਸੰਭਾਲ ਲੈਣ।