ਕੈਨੇਡਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਪੰਜਾਬੀ ਨੌਜਵਾਨ ਦੀ ਮੌਤ

ਐਬਟਸਫੋਰਡ— ਕੈਨੇਡਾ ਦੇ ਸ਼ਹਿਰ ਐਬਟਸਫੋਰਡ ‘ਚ ਦਿਨ-ਦਿਹਾੜੇ ਗੋਲੀਆਂ ਚੱਲੀਆਂ ਅਤੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਜਗਵੀਰ ਮੱਲ੍ਹੀ ਵਜੋਂ ਹੋਈ ਹੈ। ਉਸ ਦੀ ਉਮਰ ਸਿਰਫ 19 ਸਾਲ ਹੀ ਸੀ ਅਤੇ ਅਜੇ ਤਕ ਇਸ ਕਤਲ ਦੇ ਪਿਛਲੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਇੱਥੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ ਅਤੇ ਰੋਜ਼ ਕਿਸੇ ਨਾ ਕਿਸੇ ਨੌਜਵਾਨ ਦੇ ਕਤਲ ਦੀ ਖਬਰ ਮਿਲਦੀ ਹੈ, ਜਿਨ੍ਹਾਂ ‘ਚੋਂ ਕਈ ਪੰਜਾਬੀ ਹੁੰਦੇ ਹਨ।
ਕੈਨੇਡਾ ਦੇ ਸਥਾਨਕ ਸਮੇਂ ਮੁਤਾਬਕ ਦੁਪਹਿਰ 3.30 ਵਜੇ ਸਿੰਪਸਨ ਰੋਡ ਅਤੇ ਰਾਸ ਰੋਡ ‘ਤੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਸੀ। ਜਦ ਤਕ ਪੁਲਸ ਇੱਥੇ ਪੁੱਜੀ ਤਦ ਤਕ ਹਮਲਾਵਰ ਦੌੜ ਚੁੱਕੇ ਸਨ ਅਤੇ ਨੌਜਵਾਨ ਜ਼ਖਮੀ ਹਾਲਤ ‘ਚ ਡਿੱਗਿਆ ਹੋਇਆ ਸੀ। ਉਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ।
ਐਬਟਸਫੋਰਡ ਪੁਲਸ ਵਿਭਾਗ, ਫੌਰੈਂਸਿਕ ਯੂਨਿਟ ਅਤੇ ਗੈਂਗ ਅਪਰਾਧ ਰੋਕਣ ਵਾਲੀ ਟੀਮ ਸਭ ਮਿਲ ਕੇ ਇਸ ਮਾਮਲੇ ਦੀ ਜਾਂਚ ‘ਚ ਜੁਟ ਗਈਆਂ ਹਨ। ਸਥਾਨਕ ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਦੱਸਣ।
ਇਕ ਗਵਾਹ ਨੇ ਦੱਸਿਆ ਕਿ ਉਹ ਰਾਸ ਸੜਕ ਤੋਂ ਲੰਘ ਰਹੀ ਸੀ ਤਾਂ ਉਸ ਦੀ ਨਜ਼ਰ ਇਕ ਜ਼ਖਮੀ ਨੌਜਵਾਨ ‘ਤੇ ਪਈ। ਉਸ ਨੇ ਸੋਚਿਆ ਕਿ ਉਹ ਉਸ ਦੀ ਮਦਦ ਕਰੇ ਪਰ ਇਸ ਨੌਜਵਾਨ ਦੇ ਸਿਰ ‘ਚੋਂ ਖੂਨ ਨਿਕਲ ਰਿਹਾ ਸੀ, ਜਿਸ ਨੂੰ ਬਚਾਉਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਉਸ ਨੇ ਕਿਹਾ ਕਿ ਉਹ ਨਰਸ ਹੈ ਅਤੇ ਉਸ ਨੇ ਮੈਡੀਕਲ ਅਧਿਕਾਰੀਆਂ ਦੇ ਆਉਣ ਤਕ ਉਸ ਨੂੰ ਸੀ.ਪੀ.ਆਰ (ਮੂੰਹ ਰਾਹੀਂ ਸਾਹ) ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਅਫਸੋਸ ਹੈ ਕਿ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ। ਬੀਤੇ ਸ਼ੁੱਕਰਵਾਰ ਨੂੰ ਸਰੀ ‘ਚ ਵੀ ਇਕ 22 ਸਾਲਾ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਅਜਿਹੀਆਂ ਘਟਨਾਵਾਂ ਭਾਈਚਾਰੇ ਲਈ ਖਤਰੇ ਦੀ ਘੰਟੀ ਬਣਦੀਆਂ ਜਾ ਰਹੀਆਂ ਹਨ।