ਚੰਡੀਗੜ੍ਹ/ਸੰਗਰੂਰ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਵਾਜ਼ਿਬ ਦਰਾਂ ‘ਤੇ ਕੈਂਸਰ ਦਾ ਇਲਾਜ਼ ਮੁਹੱਈਆ ਕਰਵਾਉਣ ਸਬੰਧੀ ਆਪਣੀ ਸਰਕਾਰ ਦੇ ਮਿਸ਼ਨ ਅੱਗ ਖੜਦੇ ਹੋਏ ਅੱਜ ਸੰਗਰੂਰ ਵਿਖੇ 100 ਬਿਸਤਰਿਆਂ ਦੇ ਅਤਿ-ਅਧੁਨਿਕ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਸੰਗਰੂਰ ਦੀ ਸਥਾਪਨਾ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ ਅਤੇ ਉਦਘਾਟਨ ਕੀਤੇ ਗਏ ਇਸ ਨਵੇਂ ਹਸਪਤਾਲ ਵਿੱਚ ਅਤਿ-ਅਧੁਨਿਕ ਆਨਕੋਲੋਜੀ ਟ੍ਰੇਨਿੰਗ ਸੈਂਟਰ ਦੀ ਯੋਜਨਾ ਵੀ ਬਣਾਈ ਗਈ ਹੈ। ਉਨ੍ਹਾਂ ਦੇ ਨਾਲ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਪੀ.ਡਬਲਿਊ.ਡੀ. ਮੰਤਰੀ ਵਿਜੇ ਇੰਦਰ ਸਿੰਗਲਾ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਲਈ ਕੈਂਸਰ ਰੋਕਥਾਮ ਪ੍ਰੋਗਰਾਮ ਦੀ ਵੀ ਸ਼ੁਰੂਆਤ ਕੀਤੀ ਜਿਸ ਦੇ ਹੇਠ ਕੈਂਸਰ ਦੇ ਜੋਖ਼ਮ ਕਾਰਕਾਂ ਅਤੇ ਬਿਮਾਰੀ ਸਬੰਧੀ ਹਿਫਾਜਤੀ ਕਾਰਨਾਂ ਬਾਰੇ ਵਿਆਪਕ ਸਿਹਤ ਸਿੱਖਿਆ ਮੁਹੱਈਆ ਕਰਾਉਣ ਤੋਂ ਇਲਾਵਾ ਕੈਂਸਰ ਦਾ ਪਤਾ ਲਾਉਣ ਅਤੇ ਇਸ ਇਲਾਜ ਨੂੰ ਸੁਖਾਲੇ ਢੰਗ ਨਾਲ ਪ੍ਰਾਪਤ ਕਰਨ ਵਾਸਤੇ ਇਸ ਸਬੰਧੀ ਸੁਵਿਧਾਵਾਂ ਨੂੰ ਲੋਕਾਂ ਦੇ ਦਰਾਂ ‘ਤੇ ਮੁਹੱਈਆ ਕਰਾਇਆ ਜਾਵੇਗਾ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਨੇੜੇ ਮੁੱਲਾਂਪੁਰ ਵਿਖੇ ਬਣਾਏ ਜਾ ਰਹੇ ਟਾਟਾ ਕੈਂਸਰ ਹਸਪਤਾਲ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਅਗਲੀ ਦੀਵਾਲੀ ਤੱਕ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਹਸਪਤਾਲ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਸਬੰਧਤ ਕਰਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 29 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਵਿਖੇ ਤੀਜੇ ਦਰਜ਼ੇ ਦੇ ਕੈਂਸਰ ਕੇਅਰ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਸਤੰਬਰ, 2019 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ 114 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਵੀ ਸਥਾਪਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸੰਗਰੂਰ ਸਿਵਲ ਹਸਪਤਾਲ ਵਾਸਤੇ ਸੱਤ ਕਰੋੜ ਰੁਪਏ ਦਾ ਵੀ ਐਲਾਨ ਕੀਤਾ।
ਬ੍ਰਹਮ ਮਹਿੰਦਰਾ ਅਤੇ ਵਿਜੇ ਇੰਦਰ ਸਿੰਗਲਾ ਦੇ ਨਾਲ ਮੁੱਖ ਮੰਤਰੀ ਨੇ ਨਵੇਂ ਕੈਂਸਰ ਹਸਪਤਾਲ ਵਿਖੇ ਸੁਵਿਧਾਵਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹਸਪਤਾਲ ਦਾ ਗੇੜਾ ਵੀ ਮਾਰਿਆ ਅਤੇ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਨਾਲ ਗੱਲਬਾਤ ਕੀਤੀ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਸੁਵਿਧਾਵਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਾਸਤੇ ਠੋਸ ਕਦਮ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 588 ਡਾਕਟਰ ਛੇਤੀ ਹੀ ਸਿਹਤ ਵਿਭਾਗ ਨੂੰ ਜੁਆਇਨ ਕਰ ਲੈਣਗੇ ਅਤੇ ਉਨ੍ਹਾਂ ਨੂੰ ਆਪਣੇ ਨਿਵਾਸ ਸਥਾਨਾਂ ਦੇ ਨੇੜੇ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਉਹ ਮਰੀਜਾਂ ਦੀ ਤਹਿ-ਦਿਲੋਂ ਸੇਵਾ ਕਰਨ ਲਈ ਸਮਰਥ ਹੋ ਸਕਣ। ਮੰਤਰੀ ਨੇ ਅੱਗੇ ਦੱਸਿਆ ਕਿ ਡਾਇਲਸਿਜ਼ ਦੀ ਸੁਵਿਧਾ ਤੋਂ ਇਲਾਵਾ ਤਪਦਿਕ ਅਤੇ ਹੈਪਾਟਾਇਟਿਸ-ਸੀ ਦੇ ਸਾਰੇ ਟੈਸਟ ਸਾਰੇ 22 ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕਰਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਿੱਜੀ ਹਸਪਤਾਲ ਦੀਆਂ ਸੇਵਾਵਾਂ ਨੂੰ ਦਰੁਸਤ ਕਰਨ ਲਈ ਕਲੀਨਿਕਲ ਇਸਟੈਬਲਿਸ਼ਮੈਂਟ ਐਕਟ ਦੇ ਉੱਤੇ ਸਰਕਾਰ ਕਾਰਜ ਕਰ ਰਹੀ ਹੈ।
ਸ਼੍ਰੀ ਸਿੰਗਲਾ ਨੇ ਸੰਗਰੂਰ ਵਿਖੇ ਕੈਂਸਰ ਹਸਪਤਾਲ ਸਥਾਪਤ ਕਰਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਿਰਦੇਸ਼ਾਂ ‘ਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਪਦਮਸ਼੍ਰੀ ਡਾ. ਆਰ.ਏ. ਵਧਵਾ ਦੇ ਨਾਲ ਆਪਣੀ ਪਹਿਲੀ ਮੀਟਿੰਗ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਦਵਾਈਆਂ ਉੱਤੇ 66 ਫੀਸਦੀ ਸਬਸਿਡੀ ਦੇਵੇਗਾ ਅਤੇ ਟੈਸਟਾਂ ਦੀਆਂ ਦਰਾਂ ਵਾਜ਼ਬ ਹੋਣਗੀਆਂ। ਇਸ ਤੋਂ ਇਲਾਵਾ ਬਿਮਾਰੀ ਦਾ ਪਤਾ ਲੱਗਣ ‘ਤੇ ਉਸ ਦਾ ਮੁਫ਼ਤ ਇਲਾਜ਼ ਹੋਵੇਗਾ।
ਡਾ. ਆਰ.ਏ. ਵਧਵਾ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਹੋਮੀ ਭਾਭਾ ਕੈਂਸਰ ਹਸਪਤਾਲ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਰਾਹੀਂ ਬੀ.ਐਸਸੀ. ਦੇ ਪੰਜ ਕੋਰਸ ਚਲਾ ਰਿਹਾ ਹੈ। ਇਸ ਤੋਂ ਇਲਾਵਾ ਇਸ ਅਕਾਦਮਿਕ ਸਾਲ ਤੋਂ ਹਿਸਟੋਪਾਥ ਦੀ ਮਾਸਟਰ ਡਿਗਰੀ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੀ.ਐਸਸੀ., ਆਈ.ਸੀ.ਯੂ. ਅਤੇ ਆਨਕੋਲੋਜ਼ੀ ਨਰਸਿੰਗ ਬਾਰੇ ਡਿਪਲੋਮਾ ਅਗਲੇ ਸਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਨੇ ਐਚ.ਪੀ.ਸੀ.ਐਲ. ਦੇ ਅਨੂਪ ਗੁਪਤਾ, ਐਚ.ਐਮ.ਈ.ਸੀ. ਦੇ ਚਰਨਜੀਤ ਸਿੰਘ, ਆਈ.ਓ.ਸੀ. ਦੇ ਰਵਿੰਦਰ ਸਿੰਘ ਨੰਦਾ ਅਤੇ ਕੈਂਸਰ ਦੇ ਮਰੀਜ਼ਾਂ ਦੀ ਭਲਾਈ ਲਈ ਸੇਵਾਵਾਂ ਵਾਸਤੇ ਮੁਨੀਸ਼ ਗਰਗ ਅਤੇ ਅਨੂਪ ਸਿੰਗਲਾ ਨੂੰ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ, ਜੋ ਕਿ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਦੇ ਚੇਅਰਮੈਨ ਵੀ ਹਨ, ਵੱਲੋਂ ਸਕੂਲ ਕੈਂਪਸ ਵਿੱਚ ਗਰਿੱਡ ਨਾਲ ਜੁੜੇ ਹੋਏ ਰੂਫ਼ ਟੋਪ ਸੋਲਰ ਪਲਾਂਟ ਦਾ ਉਦਘਾਟਨ ਵੀ ਕੀਤਾ। 120 ਕਿਲੋਵਾਟ ਦੀ ਸਮਰੱਥਾ ਵਾਲਾ ਇਹ ਪ੍ਰੋਜੈਕਟ 52.80 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ, ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਰਜਿੰਦਰ ਕੌਰ ਭੱਠਲ, ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਦਲਵੀਰ ਸਿੰਘ ਗੋਲਡੀ, ਬੁਲਾਰਾ ਪੰਜਾਬ ਕਾਂਗਰਸ ਦਮਨ ਥਿੰਦ ਬਾਜਵਾ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਅਤੇ ਐਡੀਸ਼ਨਲ ਚੀਫ ਸਕੱਤਰ ਸਿਹਤ ਸਤੀਸ਼ ਚੰਦਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਇਸ ਉਪਰੰਤ ਚੰਡੀਗੜ੍ਹ ਵਿਖੇ ਮੁੱਲਾਂਪੁਰ ਹਸਪਤਾਲ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ 664 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਦੇ ਡਾਇਰੈਕਟਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਰਾਜ ਖਾਸ ਕਰਕੇ ਦੱਖਣੀ ਪੰਜਾਬ ਵਿੱਚ ਕੈਂਸਰ ਦੇ ਪਾਸਾਰ ਨੂੰ ਰੋਕਣ ਲਈ ਮੁੱਖ ਮੰਤਰੀ ਨੇ ਡਾ. ਬਦਵੇ ਨੂੰ ਕਿਹਾ ਕਿ ਵੱਖ-ਵੱਖ ਕਿਸਮਾਂ ਦੇ ਕੈਂਸਰ ਤੋਂ ਪੀੜਤ ਮਰੀਜਾਂ ‘ਤੇ ਆਧਾਰਿਤ ਡਾਟਾ ਬੇਸ ਤਿਆਰ ਕੀਤਾ ਜਾਵੇ ਤਾਂ ਜੋ ਮੁਢਲੇ ਤੌਰ ‘ਤੇ ਹੀ ਸਕਰੀਨਿੰਗ ਕਰਕੇ ਸਮੇਂ ਸਿਰ ਢੁਕਵਾਂ ਇਲਾਜ ਕਰਵਾਇਆ ਜਾ ਸਕੇ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਕਿਹਾ ਕਿ ਗਰੀਬ ਅਤੇ ਲੋੜਵੰਦ ਲੋਕਾਂ ਦੀ ਸੁਵਿਧਾ ਅਤੇ ਮਿਆਰੀ ਇਲਾਜ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕਰਨ ਦੇ ਯਤਨ ਕੀਤੇ ਜਾਣ ਜੋ ਸਰਕਾਰੀ ਹਸਪਤਾਲਾਂ ਨੂੰ ਮੈਡੀਕਲ ਮਸ਼ੀਨਰੀ ਅਤੇ ਬੁਨਿਆਦੀ ਢਾਂਚਾ ਮੁਫ਼ਤ ਮੁਹੱਈਆ ਕਰਵਾ ਕੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਨੇਪਰੇ ਚੜ੍ਹਾਉਣ ਵਿੱਚ ਮਦਦਗਾਰ ਸਾਬਤ ਹੋ ਸਕਣ। ਉਨ੍ਹਾਂ ਨੇ ਸਿਹਤ ਮੰਤਰੀ ਨੂੰ ਇਸ ਉਦੇਸ਼ ਦੇ ਵਾਸਤੇ ਪਰਉਪਕਾਰ ਲੋਕਾਂ, ਐਨ.ਜੀ.ਓਜ਼, ਧਾਰਮਿਕ ਤੇ ਸਮਾਜਿਕ ਸੰਗਠਨਾਂ ਦੀਆਂ ਵੀ ਸੇਵਾਵਾਂ ਪ੍ਰਾਪਤ ਕਰਨ ਲਈ ਆਖਿਆ।
ਸਮੀਖਿਆ ਮੀਟਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਵਧੀਕ ਮੁੱਖ ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ ਵੀ ਹਾਜ਼ਰ ਸਨ।