ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਯਨਾਥ ਸਰਕਾਰ ਰਾਮ ਦੀ ਨਗਰੀ ਅਯੁੱਧਿਆ ਅਤੇ ਕ੍ਰਿਸ਼ਨ ਦੀ ਨਗਰੀ ਨੂੰ ਤੀਰਥ ਸਥਾਨ ਐਲਾਨ ਕੇ ਉਥੇ ਮੀਟ-ਸ਼ਰਾਬ ਦੀ ਵਿਕਰੀ ਅਤੇ ਸੇਵਨ ‘ਤੇ ਪੂਰਨ ਪਾਬੰਦੀ ਲਗਾਉਣ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਬੁਲਾਰੇ ਅਤੇ ਊਰਜਾ ਮੰਤਰੀ ਸ਼੍ਰੀਕਾਂਤ ਸ਼ਰਮਾ ਨੇ ਇਕ ਇੰਟਰਵਿਊ ਦੌਰਾਨ ਕਿਹਾ, ”ਸਾਧੂ ਸੰਤਾਂ ਅਤੇ ਕਰੋੜਾਂ ਭਗਤਾਂ ਦੀ ਮੰਗ ਸੀ ਕਿ ਰਾਮ ਤੇ ਕ੍ਰਿਸ਼ਨ ਦੀ ਨਗਰੀ ‘ਚ ਮੀਟ-ਸ਼ਰਾਬ ਦੀ ਵਿਕਰੀ ਅਤੇ ਸੇਵਨ ‘ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਦੀ ਮੰਗ ਦਾ ਸਨਮਾਨ ਕਰਦਿਆਂ ਸੂਬਾ ਸਰਕਾਰ ਅਯੁੱਧਿਆ ਦੀ 14 ਕੋਹੀ ਪ੍ਰਕਿਰਮਾ ਦੇ ਆਲੇ-ਦੁਆਲੇ ਦੇ ਇਲਾਕਿਆਂ ਮਥੁਰਾ ‘ਚ ਭਗਵਾਨ ਕ੍ਰਿਸ਼ਨ ਦੇ ਜਨਮ ਅਸਥਾਨ ਦੇ ਲਾਗਲੇ ਇਲਾਕਿਆਂ ਨੂੰ ਤੀਰਥ ਸਥਾਨ ਐਲਾਨ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਜਦੋਂ ਇਹ ਦੋਵੇਂ ਤੀਰਥ ਸਥਾਨ ਐਲਾਨੇ ਜਾਣਗੇ ਤਾਂ ਇਥੇ ਆਪਣੇ ਆਪ ਹੀ ਮੀਟ-ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲੱਗ ਜਾਵੇਗੀ। ਬਿਨਾਂ ਤੀਰਥ ਅਸਥਾਨ ਐਲਾਨੇ ਇਨ੍ਹਾਂ ਦੋਵਾਂ ਸਥਾਨਾਂ ‘ਤੇ ਮੀਟ-ਸ਼ਰਾਬ ਦੀ ਪਾਬੰਦੀ ਲਗਾਉਣਾ ਸੰਭਵ ਨਹੀਂ ਹੈ। ਸ਼ਰਮਾ ਮੁਤਾਬਕ ਮਥੁਰਾ ‘ਚ ਵ੍ਰਿੰਦਾਵਨ, ਬਰਸਾਨਾ, ਨੰਦ ਗਾਓਂ, ਗਿਰੀਰਾਜ ਜੀ (ਗੋਵਰਧਨ) ਦੀ 7 ਕੋਹੀ ਪ੍ਰਕਿਰਮਾ ਦਾ ਇਲਾਕਾ ਪਹਿਲਾਂ ਤੋਂ ਹੀ ਤੀਰਥ ਸਥਾਨ ਐਲਾਨਿਆ ਜਾ ਚੁੱਕਾ ਹੈ ਤੇ ਉਥੇ ਮੀਟ-ਸ਼ਰਾਬ ਦੀ ਵਿਕਰੀ ‘ਤੇ ਪਰੀ ਤਰ੍ਹਾਂ ਪਾਬੰਦੀ ਹੈ।