ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 43ਵੇਂ ਪ੍ਰਧਾਨ ਦੀ ਚੋਣ ਜੋ 13 ਨਵੰਬਰ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਵਿਚ ਤੈਅ ਕੀਤੀ ਜਾਵੇਗੀ, ਉਸ ਲਈ ਕਮੇਟੀ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਉਸ ਦਿਨ ਜਿਹੜੇ ਵੀ ਮਤੇ ਪਾਸ ਕੀਤੇ ਜਾਣਗੇ, ਉਹ ਮਤੇ ਪਿਛਲੇ ਸਾਲਾਂ ਵਿਚ ਬਣਾਈ ਗਈ ਭਾਸ਼ਾ ਦੇ ਆਧਾਰ ‘ਤੇ ਹੋਣਗੇ। ਇਸ ਨੂੰ ਕਮੇਟੀ ਦਾ ਪਬਲੀਸਿਟੀ ਵਿਭਾਗ ਅੰਤਿਮ ਛੋਹਾਂ ਦੇ ਕੇ ਤਿਆਰ ਕਰ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਆਧਾਰ ਭਾਵੇਂ ਪਾਰਟੀ ਲਈ ਰੀੜ੍ਹ ਦੀ ਹੱਡੀ ਦੇ ਸਮਾਨ ਹਮੇਸ਼ਾ ਰਿਹਾ ਹੈ ਪਰ ਇਸ ਵਾਰ ਚੋਣਾਂ ਪੰਥਕ ਅਕਾਲੀ ਦਲ ਦੇ ਪ੍ਰਮੁੱਖ ਲੀਡਰਾਂ ਅਤੇ ਬਾਦਲ ਪਰਿਵਾਰ ਲਈ ਬੜੀ ਮੁਸ਼ਕਲ ਅਤੇ ਚੁਣੌਤੀ ਭਰੀਆਂ ਹੋਣਗੀਆਂ। ਇਸ ਵਾਰ ਦੀ ਚੋਣ ‘ਚ ਬਰਗਾੜੀ ਦਾ ਬੇਅਦਬੀ ਵਿਵਾਦ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਖਿਲਾਫ ਲਗਾਤਾਰ ਵਿਰੋਧ ਕਰਨ ਤੋਂ ਇਲਾਵਾ ਅਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀਆਂ ਕਿਤਾਬਾਂ ਵਿਚ ਗੁਰੂਆਂ ਦੀ ਬੇਅਦਬੀ ਦੀ ਭਾਸ਼ਾ ਨੂੰ ਤਬਦੀਲ ਨਾ ਕਰਨ ਦਾ ਮੁੱਦਾ ਵੀ ਇਸ ਵਾਰ ਦੀਆਂ ਚੋਣਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦਕਿ ਇਨ੍ਹਾਂ ਦੋਵਾਂ ਮੁੱਦਿਆਂ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਅਤੇ ਕੇਂਦਰ ਵਿਚ ਐੱਨ. ਡੀ. ਏ. ਦੀ ਸਰਕਾਰ ਹੋਣ ਦੇ ਬਾਵਜੂਦ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਕੋਈ ਹੁੰਗਾਰਾ ਨਾ ਭਰਨ ਕਾਰਨ ਇਹ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਦੇ ਦਿਲਾਂ ਵਿਚ ਵਿਚਾਰ-ਅਧੀਨ ਸਾਬਤ ਹੋ ਸਕਦਾ ਹੈ ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਅਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਨੌਜਵਾਨ ਨੇਤਾ ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਵਿਚ ਆਪਣੀ ਪਾਰਟੀ ਦਾ ਕਬਜ਼ਾ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਜ਼ੋਰ ਤਾਂ ਲਾ ਰਹੇ ਹਨ ਪਰ ਪਾਰਟੀ ਵੱਲੋਂ ਜਾਰੀ ਕੀਤੇ ਜਾਣ ਵਾਲੇ ਗੁਪਤ ਲਿਫਾਫੇ ਵਿਚੋਂ ਕਿਹੜੇ ਨਵੇਂ ਪ੍ਰਧਾਨ ਦੇ ਅਹੁਦੇ ਦਾ ਨਾਂ ਹੈ, ਇਹ ਸਭ ਕੁਝ ਇਕ ਬੁਝਾਰਤ ਬਣਿਆ ਹੋਇਆ ਹੈ ਜਦਕਿ ਪਾਰਟੀ ਦੀ ਸਿਆਸੀ ਹਾਲਤ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਸ ਵਾਰ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਫਿਰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦੇਣਾ ਪਾਰਟੀ ਹਿੱਤ ਲਈ ਸਹੀ ਸਾਬਤ ਹੋ ਸਕਦਾ ਹੈ।
ਪਾਰਟੀ ਕਿਸੇ ਵੀ ਟਕਸਾਲੀ ਅਕਾਲੀ ਲੀਡਰ ਨਾਲ ਕਿਸੇ ਕਿਸਮ ਦਾ ਤਾਲਮੇਲ ਨਾ ਰੱਖਣ ਦੇ ਮੂਡ ‘ਚ
ਪਾਰਟੀ ਮੌਜੂਦਾ ਹਾਲਾਤ ਵਿਚ ਕਿਸੇ ਵੀ ਟਕਸਾਲੀ ਅਕਾਲੀ ਲੀਡਰ ਨਾਲ ਕਿਸੇ ਕਿਸਮ ਦਾ ਤਾਲਮੇਲ ਰੱਖਣ ਦੇ ਮੂਡ ਵਿਚ ਨਹੀਂ ਹੈ। ਇਹੀ ਕਾਰਨ ਹੈ ਕਿ ਕਿਸੇ ਵੀ ਟਕਸਾਲੀ ਨੇਤਾ ਨੂੰ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਾਉਣ ਦਾ ਫੈਸਲਾ ਪਾਰਟੀ ਦੀ ਤਾਜ਼ਾ ਸੋਚ ‘ਤੇ ਉਲਟ ਨਜ਼ਰ ਆਉਂਦਾ ਹੈ ਜਦਕਿ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਮੇਟੀ ਨੂੰ ਈਮਾਨਦਾਰੀ ਅਤੇ ਪਾਰਟੀ ਦੀ ਮਰਜ਼ੀ ਮੁਤਾਬਕ ਬੜੇ ਸੁਚੱਜੇ ਢੰਗ ਨਾਲ ਆਪਣੇ ਇਕ ਸਾਲ ਦੇ ਕਾਰਜਕਾਲ ਵਿਚ ਮਿਹਨਤ ਤੇ ਖੁਸ਼ਦਿਲੀ ਨਾਲ ਨਿਭਾਇਆ ਹੈ। ਭਾਵ ਸਾਬਤ ਕਰਦਾ ਹੈ ਕਿ ਬੀਤੇ ਪ੍ਰਧਾਨਾਂ ਦੇ ਮੁਕਾਬਲੇ ਧੜੇਬੰਦੀ ਨੂੰ ਤੋੜ ਕੇ ਬਿਨਾਂ ਕੋਈ ਨਿੱਜੀ ਲਾਭ ਲਏ ਲੌਂਗੋਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਇਆ ਹੈ। ਇਹ ਉਨ੍ਹਾਂ ਉੱਤੇ ਸਵਰਗਵਾਸੀ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਪ੍ਰਭਾਵਸ਼ਾਲੀ ਸਿੱਖਿਆ ਦਾ ਨਤੀਜਾ ਸਾਬਤ ਹੋ ਰਿਹਾ ਹੈ।
ਹੈਰਾਨਕੁੰਨ ਹੋ ਸਕਦੈ ਨਤੀਜਾ
ਜੇਕਰ ਨਵੀਂ ਤਬਦੀਲੀ ਹੋਵੇਗੀ ਤੇ ਨਵਾਂ ਨਾਂ ਸ਼੍ਰੋਮਣੀ ਅਕਾਲੀ ਦਲ ਦੇ ਫੈਸਲੇ ‘ਤੇ ਨਿਰਭਰ ਹੋਵੇਗਾ। ਕਮੇਟੀ ਦੇ ਸਕੱਤਰਾਂ ਵਿਚ ਆਪਸੀ ਤਾਲਮੇਲ ਨਾ ਹੋਣਾ, ਕਈ ਮੈਂਬਰਾਂ ਦੀ ਨਾਰਾਜ਼ਗੀ ਸਾਬਤ ਹੋਣ ਦਾ ਨਤੀਜਾ ਹੈਰਾਨਕੁੰਨ ਹੋ ਸਕਦਾ ਹੈ। ਜਦਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਲੌਂਗੋਵਾਲ ਨੇ ਅੱਜ ਤੱਕ ਕਿਸੇ ਦਬਾਅ ਜਾਂ ਪ੍ਰਭਾਵ ਤਹਿਤ ਨਾ ਆ ਕੇ ਅੱਜ ਤੱਕ ਕੋਈ ਗਲਤ ਫੈਸਲਾ ਨਹੀਂ ਕੀਤਾ। ਪਾਰਟੀ ਨੂੰ ਗੁਰੂ ਮੰਨਦਿਆਂ ਲੌਂਗੋਵਾਲ ਨੇ ਸ਼ਲਾਘਾਯੋਗ ਪੂਰੀ ਈਮਾਨਦਾਰੀ ਅਤੇ ਵਿਸ਼ਵਾਸ ਨਾਲ ਕੰੰਮ ਕੀਤਾ ਹੈ।
185 ਤੋਂ 174 ਹੋਈ ਜਨਰਲ ਹਾਊਸ ਦੇ ਮੈਂਬਰਾਂ ਦੀ ਗਿਣਤੀ
ਕਮੇਟੀ ਦੇ ਕੁੱਲ 185 ਜਨਰਲ ਹਾਊਸ ਦੇ ਮੈਂਬਰ ਹਨ ਜਿਨ੍ਹਾਂ ਵਿਚੋਂ ਬੀਤੇ ਸਾਲ ਦੌਰਾਨ ਕੁਝ ਮੈਂਬਰਾਂ ਦੀ ਮੌਤ ਹੋਣ ਦੇ ਬਾਅਦ ਹੁਣ ਇਹ ਗਿਣਤੀ 174 ਰਹਿ ਗਈ ਹੈ ਜਿਨ੍ਹਾਂ ਨਾਰਾਜ਼ ਟਕਸਾਲੀ ਲੀਡਰਾਂ ਦੇ ਮੈਂਬਰਾਂ ਨੂੰ ਪਿਛਲੇ ਸਾਲ ਕਾਰਜਕਾਰਨੀ ਵਿਚ ਉੱਚ ਅਹੁਦੇ ਦਿੱਤੇ ਸਨ, ਹੁਣ ਇਸ ਵਾਰ ਨਵੇਂ ਚਿਹਰਿਆਂ ਦੇ ਆਉਣ ਦੀ ਸੰਭਾਵਨਾ ਹੈ। ਚੋਣਾਂ ਨਿਰਪੱਖ ਹੋਵੇ ਪਰ ਮਾਮਲਾ ਸਰਬਸੰਮਤੀ ਨਾਲ ਪ੍ਰਧਾਨ ਦੇ ਨਾਂ ਦਾ ਫੈਸਲਾ ਨਹੀਂ ਹੁੰਦਾ ਤੇ ਵਿਰੋਧੀ ਧਿਰ ਦੇ ਮੈਂਬਰ ਇਸ ਵਾਰ ਫਿਰ ਵੋਟਿੰਗ ਕਰ ਕੇ ਪ੍ਰਧਾਨ ਦੀ ਚੋਣ ਕਰਵਾਉਣ ਦੀ ਸ਼ਰਤ ਰੱਖਣਗੇ। ਇਸ ਵੋਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਲਈ ਆਪਣੇ ਪ੍ਰਧਾਨ ਦੀ ਚੋਣ ਕਰਨਾ ਮੁਸ਼ਕਲ ਸਾਬਤ ਹੋ ਸਕਦਾ ਹੈ। ਜ਼ਾਹਿਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਛਾਏ ਸਿਆਸੀ ਬਦਲ ਕੀ ਰੰਗ ਲਿਆਉਂਦੇ ਨੇ ਇਹ ਮੈਂਬਰਾਂ ਦੇ ਅੰਤਿਮ ਤੇ ਆਤਮਿਕ ਫੈਸਲੇ ‘ਤੇ ਨਿਰਭਰ ਹੋਵੇਗਾ। ਇਸ ਵਾਰ ਦੀਆਂ ਚੋਣਾਂ ਵਿਚ ਕੁੱਲ ਮੈਂਬਰਾਂ ਵਿਚੋਂ 9 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਮੈਂਬਰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ।