ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਅਜਡਾਮ ਤੋਂ ਬੱਸ ਭਰ ਕੇ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਜਠੇਰੇ ਪੂਜਣ ਚੱਲੇ 24 ਪੰਜਾਬੀਆਂ ਦੀ ਬੱਸ ਊਨਾ ਜ਼ਿਲ੍ਹੇ ਵਿੱਚ ਖੱਡ ‘ਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 23 ਜਣੇ ਜ਼ਖ਼ਮੀ ਹਨ। ਫੱਟੜਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅਜਡਾਮ ਪਿੰਡ ਤੋਂ ਸਕੂਲ ਬੱਸ ਵਿੱਚ ਸਵਾਰ ਹੋ ਕੇ ਕਈ ਪਰਿਵਾਰ ਹਿਮਾਚਲ ਵੱਲ ਜਾ ਰਹੇ ਸਨ। ਉਨ੍ਹਾਂ ਪੰਜਾਬ ਤੇ ਹਿਮਾਚਲ ਦੀ ਹੱਦ ‘ਤੇ ਬਣੇ ਪਿੰਡ ਮਹਿਟਬਨੀ ਵਿੱਚ ਆਪਣੇ ਜਠੇਰੇ ਪੂਜਣ ਲਈ ਜਾ ਰਹੇ ਸਨ ਪਰ ਜੈਜੋਂ ਨੇੜੇ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਡੂੰਘੀ ਖੱਡ ਵਿੱਚ ਜਾ ਡਿੱਗੀ।

ਜ਼ਖ਼ਮੀਆਂ ਨੂੰ ਊਨਾ ਤੇ ਮਾਹਿਲਪੁਰ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਦੋ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ ਗਿਆ ਹੈ।