ਕੇਰਲ— ਕੇਰਲ ਦੇ ਸਬਰੀਮਾਲਾ ਮੰਦਰ ‘ਚ ਸਥਿਤ ਭਗਵਾਨ ਅਯੱਪਾ ਦੇ ਕਿਵਾੜ ਅੱਜ ਭਾਵ ਸੋਮਵਾਰ ਨੂੰ ਖੁੱਲ੍ਹ ਜਾਣਗੇ। ਕਿਵਾੜ ਖੁੱਲ੍ਹਣ ਤੋਂ ਪਹਿਲਾਂ ਹੀ ਪੁਲਸ ਨੇ ਉੱਥੇ ਸੁਰੱਖਿਆ ਵਿਵਸਥਾ ਦੇ ਸਖਤ ਇੰਤਜ਼ਾਮ ਕੀਤੇ ਹਨ। ਪਿਛਲੇ ਮਹੀਨੇ ਹਰ ਉਮਰ ਦੀਆਂ ਔਰਤਾਂ ਨੂੰ ਮੰਦਰ ਵਿਚ ਐਂਟਰੀ ਦੇਣ ਦੇ ਵਿਰੋਧ ਵਿਚ ਹਿੰਸਕ ਪ੍ਰਦਰਸ਼ਨ ਹੋਏ ਸਨ। ਪੁਲਸ ਨੇ ਕਿਹਾ ਕਿ ਸੁਚਾਰੂ ਰੂਪ ਨਾਲ ਦਰਸ਼ਨਾਂ ਲਈ 2300 ਦੇ ਕਰੀਬ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ, ਜਿਸ ‘ਚ 20 ਮੈਂਬਰੀ ਕਮਾਂਡੋ ਟੀਮ ਅਤੇ 100 ਔਰਤਾਂ ਸ਼ਾਮਲ ਹਨ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੋੜ ਪੈਣ ‘ਤੇ ਇੰਸਪੈਕਟਰ ਅਤੇ ਸਬ-ਇੰਸਪੈਕਟਰ ਰੈਂਕ ਦੀਆਂ 30 ਮਹਿਲਾ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵਧ ਹੋਵੇਗੀ। ਉੱਥੇ ਹੀ ਅੰਦੋਲਨ ਕਰ ਰਹੇ ਹਿੰਦੂ ਸੰਗਠਨਾਂ ਨੇ ਮੀਡੀਆ ਸੰਗਠਨਾਂ ਤੋਂ ਇਸ ਮੁੱਦੇ ਨੂੰ ਕਵਰ ਕਰਰਨ ਲਈ ਮਹਿਲਾ ਪੱਤਰਕਾਰਾਂ ਨੂੰ ਨਾ ਭੇਜਣ ਦੀ ਅਪੀਲ ਕੀਤੀ ਹੈ। ਮੰਦਰ ਦੇ ਆਲੇ-ਦੁਆਲੇ ਇਲਾਕਿਆਂ ਪੰਬਾ ਤੋਂ ਸੰਨੀਧਨਮ ‘ਚ ਸ਼ਨੀਵਾਰ ਦੀ ਦਰਮਿਆਨ ਰਾਤ ਤੋਂ ਧਾਰਾ-144 ਲਾਗੂ ਕਰ ਕੀਤੀ ਗਈ ਹੈ। ਇੱਥੇ ਦੱਸ ਦੇਈਏ ਕਿ ਸੁਪਰੀਮ ਕੋਰਟ ਵਲੋਂ ਹਰ ਉਮਰ ਦੀਆਂ ਔਰਤਾਂ ਨੂੰ ਮੰਦਰ ਵਿਚ ਐਂਟਰੀ ਦੀ ਆਗਿਆ ਦਿੱਤੇ ਜਾਣ ਤੋਂ ਬਾਅਦ ਦੂਜੀ ਵਾਰ ਦਰਸ਼ਨਾਂ ਲਈ ਮੰਦਰ ਖੁੱਲ੍ਹ ਰਿਹਾ ਹੈ।