ਹਰਿਆਣਾ— ਸੰਕਟ ‘ਚ ਘਿਰੀ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਅਤੇ ਦੁਸ਼ੰਯਤ ਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ ‘ਚੋਂ ਕੱਢੇ ਜਾਣ ਮਗਰੋਂ ਹੁਣ ਅਜੈ ਚੌਟਾਲਾ ਜੇਲ ‘ਚੋਂ ਪੈਰੋਲ ‘ਤੇ ਬਾਹਰ ਆਏ ਹਨ। ਅਜੈ 14 ਦਿਨ ਦੀ ਪੈਰੋਲ ‘ਤੇ ਤਿਹਾੜ ਜੇਲ ‘ਚੋਂ ਬਾਹਰ ਆਏ ਹਨ। ਅਜੈ ਚੌਟਾਲਾ ਨੂੰ ਉਨ੍ਹਾਂ ਦੇ ਬੇਟੇ ਦੁਸ਼ੰਯਤ ਚੌਟਾਲਾ ਖੁਦ ਗੱਡੀ ਚਲਾਉਂਦੇ ਹੋਏ ਦਿੱਲੀ ਸਥਿਤੀ ਆਪਣੇ ਸਰਕਾਰੀ ਆਵਾਸ ਪਹੁੰਚੇ।
ਆਵਾਸ ‘ਤੇ ਸਮਰਥਕਾਂ ਦੀ ਵੱਡੀ ਭੀੜ ਦੇਖ ਕੇ ਅਜੈ ਚੌਟਾਲਾ ਨੇ ਹੱਥ ਹਿਲਾਇਆ ਅਤੇ ਸਭ ਕੁਝ ਠੀਕ ਹੋਣ ਦਾ ਸੰਕੇਤ ਦਿੱਤਾ। ਅਜੈ ਚੌਟਾਲਾ ਵਰਕਰਾਂ ਦਰਮਿਆਨ ਪਹੁੰਚਣਗੇ ਅਤੇ ਉਨ੍ਹਾਂ ਨੂੰ ਸੰਬੋਧਨ ਕਰਨਗੇ। ਦਰਅਸਲ ਦੁਸ਼ੰਯਤ ਅਤੇ ਦਿਗਵਿਜੇ ਦੇ ਭਵਿੱਖ ਨੂੰ ਲੈ ਕੇ ਹੋਣ ਵਾਲੇ ਫੈਸਲੇ ਨੂੰ ਸੁਣਨ ਲਈ ਵੱਡੀ ਗਿਣਤੀ ਵਿਚ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ। ਇੱਥੇ ਦੱਸ ਦੇਈਏ ਕਿ ਅਧਿਆਪਕ ਭਰਤੀ ਘਪਲੇ ਮਾਮਲੇ ‘ਚ ਅਜੈ ਚੌਟਾਲਾ ਅਤੇ ਓਮ ਪ੍ਰਕਾਸ਼ ਚੌਟਾਲਾ 2013 ਤੋਂ ਹੀ ਜੇਲ ਵਿਚ 10 ਸਾਲ ਦੀ ਸਜ਼ਾ ਭੁਗਤ ਰਹੇ ਹਨ।
ਦੱਸਣਯੋਗ ਹੈ ਕਿ ਇਨੈਲੋ ਪਰਿਵਾਰ ਦੀ ਖਿੱਚੋਤਾਣ ਓਮ ਪ੍ਰਕਾਸ਼ ਚੌਟਾਲਾ ਦੇ ਜੇਲ ਜਾਣ ਮਗਰੋਂ ਸ਼ੁਰੂ ਹੋਈ ਸੀ ਕਿ ਸੱਤਾ ਕਿਸ ਨੂੰ ਦਿੱਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਦੁਸ਼ੰਯਤ ਅਤੇ ਦਿਗਵਿਜੇ, ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ ਹਨ। ਦਰਅਸਲ ਸੱਤਾ ਦੇ ਮੁੱਖ ਦਾਅਵੇਦਾਰ ਦੋ ਮੁਖੀ ਹਨ, ਉਨ੍ਹਾਂ ‘ਚ ਇਕ ਛੋਟਾ ਭਰਾ ਅਭੈ ਚੌਟਾਲਾ ਅਤੇ ਦੂਜੀ ਵੱਡੇ ਬੇਟੇ ਦੀ ਨੂੰਹ ਨੈਨਾ ਚੌਟਾਲਾ ਸੀ। ਚੌਟਾਲਾ ਪਰਿਵਾਰ ਦੀ ਸੱਤਾ ਅਭੈ ਚੌਟਾਲਾ ਨੂੰ ਮਿਲੀ, ਜਿਸ ਮਗਰੋਂ ਕੁਝ ਮੌਕਿਆਂ ‘ਤੇ ਪਰਿਵਾਰਕ ਵਿਵਾਦ ਸਾਹਮਣੇ ਆਉਂਦੇ ਰਹੇ ਹਨ। ਚੌਟਾਲਾ ਪਰਿਵਾਰ ‘ਚ ਚੱਲ ਰਹੇ ਵਿਵਾਦ ਕਾਰਨ ਹੀ ਬੀਤੇ ਦਿਨੀਂ ਪਾਰਟੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਦੋਹਾਂ ਪੋਤਿਆਂ ਨੂੰ ਪਾਰਟੀ ‘ਚੋਂ ਕੱਢ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਤੁਰੰਤ ਪ੍ਰਭਾਵ ਤੋਂ ਦੋਹਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ।
ਕਿਉਂ ਹਟਾਏ ਦੋਵੇਂ ਪੋਤੇ—
ਦਰਅਸਲ ਦੁਸ਼ੰਯੁਤ ਅਤੇ ਦਿਗਵਿਜੇ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ। ਦੋਹਾਂ ‘ਤੇ 7 ਅਕਤੂਬਰ 2018 ਨੂੰ ਓਮ ਪ੍ਰਕਾਸ਼ ਦੇ ਪਿਤਾ ਚੌਧਰੀ ਦੇਵੀ ਲਾਲ ਦੇ ਜਨਮ ਦਿਵਸ ਦੌਰਾਨ ਗੋਹਾਨਾ ਵਿਚ ਆਯੋਜਿਤ ਪ੍ਰੋਗਰਾਮ ‘ਚ ਅਨੁਸ਼ਾਸਨਹੀਣਤਾ ਅਤੇ ਹੁੜਦਗਬਾਜ਼ੀ ਵੀ ਕੀਤੀ। ਇਸ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਨੇ ਦੋਹਾਂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ।