ਨਵੀਂ ਦਿੱਲੀ— ਕਾਂਗਰਸ ਨੇਤਾ ਮਲਿਕ ਅਰਜੁਨ ਖੜਗੇ ਨੇ ਕੇਂਦਰ ਦੇ ਸੀ. ਬੀ. ਆਈ. ਡਾਇਰੈਕਟਰ ਆਲੋਕ ਵਰਮਾ ਨੂੰ ਛੁੱਟੀ ‘ਤੇ ਭੇਜਣ ਦੇ ਫੈਸਲੇ ਨੂੰ ਗੈਰ-ਕਾਨੂੰਨੀ ਅਤੇ ਸੀ. ਬੀ. ਆਈ. ਐਕਟ ਦਾ ਉਲੰਘਣ ਕਰਾਰ ਦਿੱਤਾ। ਖੜਗੇ ਨੇ ਇਸ ਦੇ ਵਿਰੁੱਧ ਸ਼ਨੀਵਾਰ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਖੜਗੇ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਐਕਟ ਮੁਤਾਬਕ ਸੀ. ਬੀ. ਆਈ. ਡਾਇਰੈਕਟਰ ਦੀ ਨਿਯੁਕਤੀ ਜਾਂ ਉਸ ਨੂੰ ਹਟਾਉਣ ਬਾਰੇ ਵਿਰੋਧੀ ਧਿਰ, ਪ੍ਰਧਾਨ ਮੰਤਰੀ ਅਤੇ ਚੀਫ ਜਸਟਿਸ ਦੀ 3 ਮੈਂਬਰੀ ਕਮੇਟੀ ਨੂੰ ਹੀ ਅਧਿਕਾਰ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਕੋਲ ਸੀ. ਬੀ. ਆਈ. ਵਿਚ ਡਾਇਰੈਕਟਰ ਵਿਰੁੱਧ ਕਾਰਵਾਈ ਦਾ ਕੋਈ ਅਧਿਕਾਰ ਨਹੀਂ ਹੈ। ਖੜਗੇ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ ਨੂੰ ਆਪਣੇ ਧਿਆਨ ‘ਚ ਲੈਂਦੇ ਹੋਏ ਕਿਹਾ ਕਿ ਸੀ. ਬੀ. ਆਈ. ਡਾਇਰੈਕਟਰ ਆਲੋਕ ਵਰਮਾ ਨੂੰ ਛੁੱਟੀ ‘ਤੇ ਭੇਜੇ ਜਾਣ ਦੀ ਕਾਰਵਾਈ ਗੈਰ-ਕਾਨੂੰਨੀ ਹੈ। ਇੱਥੇ ਦੱਸ ਦੇਈਏ ਕਿ ਖੜਗੇ ਸੀ. ਬੀ. ਆਈ. ਡਾਇਰੈਕਟਰ ਦੀ ਨਿਯੁਕਤੀ ਕਰਨ ਵਾਲੀ ਕਮੇਟੀ ਦੇ ਮੈਂਬਰ ਵੀ ਹਨ।