ਸੁਖਬੀਰ ਖਿਲਾਫ ਝੰਡਾ ਚੁੱਕਣ ਦੇ ਦੋ ਘੰਟੇ ਅੰਦਰ-ਅੰਦਰ ਸੇਖਵਾਂ ਪਾਰਟੀ ‘ਚੋਂ ਬਾਹਰ

ਜਲੰਧਰ — ਗੁਰਦਾਸਪੁਰ ਵਿਚ ਸੁਖਬੀਰ ਬਾਦਲ ਖਿਲਾਫ ਪ੍ਰੈੱਸ ਕਾਨਫਰੰਸ ਕਰਕੇ ਬਗਾਵਤ ਦਾ ਇਜ਼ਹਾਰ ਕਰਨ ਵਾਲੇ ਸੇਵਾ ਸਿੰਘ ਸੇਖਵਾਂ ਨੂੰ ਦੋ ਘੰਟੇ ਦੇ ਅੰਦਰ ਪਾਰਟੀ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਇਸ ਦੀ ਪੁਸ਼ਟੀ ਬਕਾਇਦਾ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕੀਤੀ ਹੈ। ਗੁਰਦਾਸਪੁਰ ਵਿਚ ਪ੍ਰੈੱਸ ਕਾਨਫਰੰਸ ਕਰਕੇ ਸੇਖਵਾਂ ਨੇ ਪਾਰਟੀ ਦੀ ਮੁੱਢਲੀ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਕਰਦੇ ਹੋਏ ਪਾਰਟੀ ਦੀ ਕੋਰ ਕਮੇਟੀ ਅਤੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੇਖਵਾਂ ਨੇ ਕਿਹਾ ਸੀ ਕਿ ਪਾਰਟੀ ਦੇ ਅਹੁਦਿਆਂ ‘ਤੇ ਹੁੰਦੇ ਹੋਏ ਵੀ ਉਨ੍ਹਾਂ ਨੂੰ ਕਿਸੇ ਵੀ ਮੀਟਿੰਗ ਵਿਚ ਸੱਦਾ ਨਹੀਂ ਭੇਜਿਆ ਗਿਆ।
ਇਸ ਦੇ ਨਾਲ ਹੀ ਸੇਖਵਾਂ ਨੇ ਕਿਹਾ ਸੀ ਕਿ ਜਦੋਂ ਤਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਨਹੀਂ ਵਿਖਾਇਆ ਜਾਂਦਾ ਉਦੋਂ ਤਕ ਉਹ ਪਾਰਟੀ ਦਾ ਹਿੱਸਾ ਨਹੀਂ ਬਣਨਗੇ। ਸੇਖਵਾਂ ਵਲੋਂ ਕੀਤੇ ਗਏ ਇਸ ਐਲਾਨ ਤੋਂ ਮਹਿਜ਼ 2 ਘੰਟੇ ਬਾਅਦ ਹੀ ਸੁਖਬੀਰ ਨੇ ਸਖਤ ਕਾਰਵਾਈ ਕਰਦੇ ਹੋਏ ਸੇਖਾਂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।