ਨੋਇਡਾ— ਪਿਛਲੇ 28 ਅਕਤੂਬਰ ਤੋਂ ਦਿੱਲੀ ਨਾਲ ਲੱਗਦੇ ਗ੍ਰੇਟਰ ਨੋਇਡਾ ਦੇ ਸ਼ਾਰਦਾ ਯੂਨੀਵਰਸਿਟੀ ਤੋਂ ਲਾਪਤਾ ਵਿਦਿਆਰਥੀ 17 ਸਾਲਾ ਅਹਿਤੇਸ਼ਾਮ ਬਿਲਾਲ ਸੂਫੀ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਦੱਸਿਆ ਕਿ ਉਹ ਕਸ਼ਮੀਰ ‘ਚ ਅੱਤਵਾਦੀ ਧਿਰ ‘ਚ ਸ਼ਾਮਲ ਹੋ ਗਿਆ ਹੈ। ਅਹਿਤੇਸ਼ਾਮ ਸ਼੍ਰੀਨਗਰ ਦਾ ਰਹਿਣ ਵਾਲਾ ਹੈ। ਸ਼ਾਰਦਾ ਯੂਨੀਵਰਸਿਟੀ ‘ਚ ਉਹ ਗ੍ਰੈਜੁਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ ਤੇ ਪਹਿਲੇ ਸਾਲ ਦਾ ਵਿਦਿਆਰਥੀ ਹੈ। 28 ਅਕਤੂਬਰ ਨੂੰ ਉਸ ਨੇ ਵੀ.ਵੀ. ਪ੍ਰਸ਼ਾਸਨ ਤੋਂ ਦਿੱਲੀ ਜਾਣ ਦੀ ਗੱਲ ਕਹਿ ਕੇ ਛੁੱਟੀ ਲਈ ਸੀ। ਇਸ ਤੋਂ ਠੀਕ ਇਕ ਦਿਨ ਪਹਿਲਾਂ ਯੂਨੀਵਰਸਿਟੀ ਕੈਂਪ ‘ਚ ਕੁਝ ਅਫਗਾਨੀ ਵਿਦਿਆਰਥੀਆਂ ਨਾਲ ਉਸ ਦਾ ਝਗੜਾ ਹੋਇਆ ਸੀ।
ਯੂਨੀਵਰਸਿਟੀ ਪ੍ਰਸ਼ਸਾਨ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਦੇ ਨਾਲੇਜ ਪਾਰਕ ਥਾਣੇ ਤੇ ਸ਼੍ਰੀਨਗਰ ਦੇ ਖਾਨਯਾਰ ਥਾਣੇ ‘ਚ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਸੋਸ਼ਲ ਮੀਡੀਆ ‘ਚ ਵਾਇਰਲ ਹੋਈ ਤਸਵੀਰ ‘ਚ ਉਹ ਕਾਲੇ ਰੰਗ ਦੇ ਕੱਪੜੇ ‘ਚ ਹੈ ਤੇ ਕਹਿ ਰਿਹਾ ਹੈ ਕਿ ਉਸ ਨੇ ਆਈ.ਐੱਸ.ਆਈ.ਐੱਸ. ਤੋਂ ਪ੍ਰਭਾਵਿਤ ਇਕ ਅੱਤਵਾਦੀ ਧਿਰ ‘ਆਈ.ਐੱਸ.ਜੇ.ਕੇ.’ ਇਸਲਾਮਿਕ ਸਟੇਟ ਜੰਮੂ ਕਸ਼ਮੀਰ ਨੂੰ ਜੁਆਇਨ ਕਰ ਲਿਆ ਹੈ। ਹਾਲਾਂਕਿ ਬਾਅਦ ‘ਚ ਇਸ ਵੀਡੀਓ ਨੂੰ ਹਟਾ ਦਿੱਤਾ ਗਿਆ।
ਯੂ.ਪੀ. ਏ.ਟੀ.ਐੱਸ. ਦੇ ਆਈ.ਜੀ. ਅਸੀਮ ਪੂਰੀ ਨੇ ਦੱਸਿਆ ਕਿ ਉਹ ਲੋਕ ਉਸ ਦੀ ਟ੍ਰੈਕਿੰਗ ਕਰ ਰਹੇ ਸਨ। ਉਹ ਲੋਕ ਕਸ਼ਮੀਰ ਨਾਲ ਲਗਾਤਾਰ ਸੰਪਰਕ ‘ਚ ਹਨ ਤੇ ਬਿਲਾਲ ਦੇ ਦਿੱਲੀ ਤੋਂ ਕਸ਼ਮੀਰ ਤਕ ਦੇ ਸਫਰ ‘ਤੇ ਉਨ੍ਹਾਂ ਨੇ ਨਿਗਰਾਨੀ ਰੱਖੀ। ਕਸ਼ਮੀਰ ਪੁਲਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬਿਲਾਲ ਦੀ ਕਸ਼ਮੀਰ ‘ਚ ਮੌਜੂਦਗੀ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।