ਟਰੰਪ ਦੇ ਇਨ੍ਹਾਂ ਹੁਕਮਾਂ ਨਾਲ ਭਾਰਤੀਆਂ ਨੂੰ ਲੱਗੇਗਾ ਇਕ ਹੋਰ ਝਟਕਾ!

ਵਾਸ਼ਿੰਗਟਨ— ਅਮਰੀਕੀ ਸਰਕਾਰ ਨੇ ਐੱਚ-1ਬੀ ਵੀਜ਼ਾ ਦੇ ਨਿਯਮ ਹੋਰ ਸਖਤ ਕਰ ਦਿੱਤੇ ਹਨ। ਅਮਰੀਕੀ ਕੰਪਨੀਆਂ ਨੂੰ ਹੁਣ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣ ਤੋਂ ਪਹਿਲਾਂ ਇਹ ਜਾਣਕਾਰੀ ਦੇਣੀ ਹੋਵੇਗੀ ਕਿ ਉਨ੍ਹਾਂ ਦੇ ਇੱਥੇ ਪਹਿਲਾਂ ਕਿੰਨੇ ਵਿਦੇਸ਼ੀ ਕੰਮ ਕਰ ਰਹੇ ਹਨ। ਕੰਪਨੀਆਂ ਨੂੰ ਇਹ ਜਾਣਕਾਰੀ ਅਮਰੀਕਾ ਦੇ ਕਿਰਤ ਵਿਭਾਗ ਨੂੰ ਦੇਣੀ ਹੋਵੇਗੀ। ਇਸ ਦਾ ਮਕਸਦ ਨੌਕਰੀ ਲਈ ਸਭ ਤੋਂ ਪਹਿਲਾਂ ਅਮਰੀਕੀ ਨਾਗਰਿਕ ਨੂੰ ਪਹਿਲ ਦੇਣਾ ਹੈ।
ਟਰੰਪ ਪ੍ਰਸ਼ਾਸਨ ਦੇ ਇਸ ਕਦਮ ਨਾਲ ਐੱਚ-1ਬੀ ਐਪਲੀਕੇਸ਼ਨ ਦੀ ਪ੍ਰਕਿਰਿਆ ਸਖਤ ਹੋ ਜਾਵੇਗੀ।ਇਹ ਵੀਜ਼ਾ ਭਾਰਤੀ ਆਈ. ਟੀ. ਪੇਸ਼ੇਵਰਾਂ ‘ਚ ਖਾਸਾ ਲੋਕਪ੍ਰਿਯ ਹੈ।ਕਿਰਤ ਵਿਭਾਗ ਵੱਲੋਂ ਮੰਗੀਆਂ ਗਈਆਂ ਨਵੀਆਂ ਜਾਣਕਾਰੀਆਂ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਐੱਚ-1ਬੀ ਵੀਜ਼ਾ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਰੱਖਣ ਤੋਂ ਪਹਿਲਾਂ ਕੰਪਨੀ ਨੂੰ ਕਿਰਤ ਵਿਭਾਗ ਤੋਂ ਮਨਜ਼ੂਰੀ ਲੈਣ ਦੀ ਜ਼ਰੂਰਤ ਹੋਵੇਗੀ।ਵਿਭਾਗ ਇਹ ਤਸਦੀਕ ਕਰੇਗਾ ਕਿ ਇਸ ਖਾਸ ਅਹੁਦੇ ਲਈ ਸਥਾਨਕ ਪੱਧਰ ‘ਤੇ ਕੋਈ ਯੋਗ ਵਿਅਕਤੀ ਨਹੀਂ ਮਿਲ ਰਿਹਾ ਹੈ ਅਤੇ ਇਸ ਲਈ ਕੰਪਨੀ ਐੱਚ-1ਬੀ ਵੀਜ਼ਾ ਸ਼੍ਰੇਣੀ ਤਹਿਤ ਵਿਦੇਸ਼ੀ ਕਰਮਚਾਰੀ ਨੂੰ ਨਿਯੁਕਤ ਕਰ ਸਕਦੀ ਹੈ।ਲੇਬਰ ਐਪਲੀਕੇਸ਼ਨ ਫਾਰਮ ‘ਚ ਹੁਣ ਇੰਪਲਾਇਰਜ਼ ਨੂੰ ਐੱਚ-1ਬੀ ਨਾਲ ਜੁੜੀਆਂ ਰੋਜ਼ਗਾਰ ਸ਼ਰਤਾਂ ਬਾਰੇ ਜ਼ਿਆਦਾ ਜਾਣਕਾਰੀ ਦੇਣੀ ਹੋਵੇਗੀ।
ਕੀ ਹੈ ਐੱਚ-1ਬੀ ਵੀਜ਼ਾ?
ਅਮਰੀਕਾ ‘ਚ ਐੱਚ-1ਬੀ ਵੀਜ਼ਾ ਵਿਦੇਸ਼ੀ ਆਈ. ਟੀ. ਪੇਸ਼ੇਵਰਾਂ ਨੂੰ ਆਰਜ਼ੀ ਤੌਰ ‘ਤੇ ਅਮਰੀਕਾ ‘ਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।ਹਰ ਸਾਲ ਇਸ ਸ਼੍ਰੇਣੀ ਦੇ ਸੀਮਤ ਵੀਜ਼ੇ ਹੀ ਜਾਰੀ ਕੀਤੇ ਜਾਂਦੇ ਹਨ ਪਰ ਜੋ ਵੀਜ਼ੇ ਹੁਣ ਤਕ ਜਾਰੀ ਹੁੰਦੇ ਆਏ ਹਨ ਉਨ੍ਹਾਂ ‘ਚ ਵੱਡੀ ਗਿਣਤੀ ਭਾਰਤੀ ਪੇਸ਼ੇਵਰਾਂ ਦੀ ਹੀ ਰਹੀ ਹੈ। ਇਸ ਵੀਜ਼ਾ ਦੀਆਂ ਅੱਗੇ 3 ਸ਼੍ਰੇਣੀਆਂ- ਸਾਧਾਰਨ ਸ਼੍ਰੇਣੀ, ਮਾਸਟਰ ਸ਼੍ਰੇਣੀ, ਰਿਜ਼ਰਵ ਸ਼੍ਰੇਣੀ ਹਨ। ਸਾਧਾਰਨ ਸ਼੍ਰੇਣੀ ਤਹਿਤ ਇਕ ਸਾਲ ‘ਚ 65,000 ਵੀਜ਼ੇ ਦਿੱਤੇ ਜਾਂਦੇ ਹਨ।ਇਸ ਵੀਜ਼ਾ ਲਈ ਕੋਈ ਵੀ ਅਰਜ਼ੀ ਦੇ ਸਕਦਾ ਹੈ।ਮਾਸਟਰ ਸ਼੍ਰੇਣੀ ਤਹਿਤ ਜੋ ਵਿਦਿਆਰਥੀ ਅਮਰੀਕਾ ‘ਚ ਮਾਸਟਰ ਡਿਗਰੀ ਪੂਰੀ ਕਰਦੇ ਹਨ, ਉਨ੍ਹਾਂ ਲਈ 20,000 ਵੀਜ਼ੇ ਦਿੱਤੇ ਜਾਂਦੇ ਹਨ।ਇਸ ਵੀਜ਼ਾ ਲਈ ਹਰ ਕੋਈ ਅਰਜ਼ੀ ਨਹੀਂ ਦੇ ਸਕਦਾ।ਰਿਜ਼ਰਵ ਸ਼੍ਰੇਣੀ ਤਹਿਤ 6,800 ਵੀਜ਼ਾ ਸਿਰਫ ਸਿੰਗਾਪੁਰ ਅਤੇ ਚਿਲੀ ਲਈ ਸੁਰੱਖਿਅਤ ਹਨ।ਕਾਰਪੋਰੇਟ ਜਾਂ ਕੰਪਨੀਆਂ ਆਪਣੇ ਕਰਮਚਾਰੀਆਂ ਲਈ ਐੱਚ-1ਬੀ ਵੀਜ਼ਾ ਲਈ ਅਰਜ਼ੀਆਂ ਦਾਇਰ ਕਰਦੀਆਂ ਹਨ।ਕੁਝ ਕੰਪਨੀਆਂ ਇਹ ਵੀਜ਼ਾ ਸਪਾਂਸਰ ਵੀ ਕਰਦੀਆਂ ਹਨ।ਐੱਚ-1ਬੀ ਵੀਜ਼ਾ ਇਸ ਦੇ ਜਾਰੀ ਹੋਣ ਦੇ ਸਮੇਂ ਤੋਂ 3 ਸਾਲਾਂ ਤਕ ਲਈ ਹੁੰਦਾ ਹੈ।ਹਾਲਾਂਕਿ ਬਾਅਦ ‘ਚ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ।
ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਲੋਕਾਂ ਪ੍ਰਤੀ ਟਰੰਪ ਨਰਮ :
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਹਜ਼ਾਰਾਂ ਹੁਨਰਮੰਦ ਉੱਦਮੀਆਂ ਪ੍ਰਤੀ ਨਰਮ ਰਵੱਈਆ ਵਿਖਾਇਆ ਹੈ।ਇਨ੍ਹਾਂ ‘ਚ ਵੱਡੀ ਗਿਣਤੀ ‘ਚ ਭਾਰਤੀ ਵੀ ਹਨ।ਰਾਸ਼ਟਰਪਤੀ ਨੇ ਕਿਹਾ ਹੈ ਕਿ ਇਨ੍ਹਾਂ ਲੋਕਾਂ ਦਾ ਸਾਰਾ ਕੰਮ ਠੀਕ-ਠਾਕ ਹੈ ਅਤੇ ਉਨ੍ਹਾਂ ਨੂੰ ਅਮਰੀਕਾ ‘ਚ ਪ੍ਰਵੇਸ਼ ਮਿਲਣ ਜਾ ਰਿਹਾ ਹੈ।ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਉਨ੍ਹਾਂ ਦੀ ਸਰਕਾਰ ਅਮਰੀਕਾ-ਮੈਕਸੀਕੋ ਸਰਹੱਦ ਵੱਲ ਵਧੇ ਲਾਤੀਨੀ ਅਮਰੀਕੀ ਲੋਕਾਂ ਦੇ ਕਾਫਲਿਆਂ ਦੀ ਸਮੱਸਿਆ ‘ਚ ਉਲਝੀ ਹੋਈ ਹੈ।ਇਨ੍ਹਾਂ ਕਾਫਲਿਆਂ ‘ਚ ਕਰੀਬ 5 ਤੋਂ 7 ਹਜ਼ਾਰ ਲੋਕ ਹਨ।ਇਹ ਤਿੰਨ ਦੇਸ਼ਾਂ ਅਲ ਸਲਵਾਡੋਰ, ਹੋਂਡੂਰਾਸ ਅਤੇ ਗਵਾਟੇਮਾਲਾ ਦੇ ਹਨ।ਉਹ ਰੋਜ਼ੀ-ਰੋਟੀ ਲਈ ਅਮਰੀਕਾ ‘ਚ ਪ੍ਰਵੇਸ਼ ਕਰਨਾ ਚਾਹੁੰਦੇ ਹਨ।ਅੰਦਾਜ਼ਾ ਹੈ ਕਿ ਅਮਰੀਕੀ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਭਾਰਤੀਆਂ ਦੀ ਗਿਣਤੀ 6 ਲੱਖ ਤੋਂ ਜ਼ਿਆਦਾ ਹੈ। ਇਹ ਕਾਰਡ ਹਾਸਲ ਹੋਣ ਤੋਂ ਬਾਅਦ ਇਮੀਗ੍ਰੈਂਟ ਅਮਰੀਕੀ ਨਾਗਰਿਕਤਾ ਤੋਂ ਸਿਰਫ ਇਕ ਕਦਮ ਦੂਰ ਰਹਿ ਜਾਂਦਾ ਹੈ।