ਗਯਾ— ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਪਤਨੀ ਐਸ਼ਵਰਿਆ ਰਾਏ ਤੋਂ ਤਲਾਕ ਲੈਣ ਦੀ ਅਰਜ਼ੀ ਅਦਾਲਤ ‘ਚ ਦਾਇਰ ਕਰਨ ਤੋਂ ਬਾਅਦ ਪਹਿਲੀ ਵਾਰ ਚੁੱਪੀ ਤੋੜਦੇ ਹੋਏ ਕਿਹਾ, ‘ਉਹ ਆਪਣੇ ਫੈਸਲੇ ਤੋਂ ਕਿਸੇ ਵੀ ਕੀਮਤ ‘ਤੇ ਪਿੱਛੇ ਨਹੀਂ ਹਟਣਗੇ, ਘੁਟ-ਘੁਟ ਕੇ ਜਿਉਣ ਨਾਲੋਂ ਚੰਗਾ ਹੈ ਵਿਆਹ ਦੇ ਬੰਧਨ ਤੋਂ ਅਲਗ ਹੋ ਜਾਣਾ।’ ਰਾਂਚੀ ‘ਚ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਨਾਲ ਮੁਲਾਕਾਤ ਲਈ ਜਾਣ ਦੇ ਪ੍ਰੋਗਰਾਮ ‘ਚ ਬੋਧਗਯਾ ਪਹੁੰਚੇ ਤੇਜ ਪ੍ਰਤਾਪ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਿਹਾ ਕਿ ਉਨ੍ਹਾਂ ਦੀ ਪਤਨੀ ‘ਹਾਈ ਸੋਸਾਇਟੀ’ ‘ਚ ਰਹੀ ਹੈ ਤੇ ਦਿੱਲੀ ‘ਚ ਉੱਚ ਸਿੱਖਿਆ ਹਾਸਲ ਕੀਤੀ ਹੈ। ਉਸ ਨਾਲ ਉਨ੍ਹਾਂ ਦਾ ਕੋਈ ਮੇਲ ਨਹੀਂ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਓਮ ਪ੍ਰਕਾਸ਼ ਤੇ ਵਿਪਿਨ ਨੇ ਉਨ੍ਹਾਂ ਨੂੰ ਮੋਹਰਾ ਬਣਾ ਕੇ ਉਨ੍ਹਾਂ ਦਾ ਵਿਆਹ ਐਸ਼ਵਰਿਆ ਨਾਲ ਕਰਵਾਇਆ ਸੀ। ਸਾਬਕਾ ਮੰਤਰੀ ਨੇ ਕਿਹਾ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਦੋਹਾਂ ‘ਚ ਝਗੜਾ ਸ਼ੁਰੂ ਹੋ ਗਿਆ ਸੀ ਤੇ ਇਹ ਸਭ ਉਨ੍ਹਾਂ ਦੇ ਪਿਤਾ ਲਾਲੂ ਪ੍ਰਸਾਦ ਯਾਦਵ ਤੇ ਮਾਂ ਰਾਬੜੀ ਦੇਵੀ ਤੇ ਛੋਟੇ ਭਰਾ ਤੇਜਸਵੀ ਯਾਦਵ ਦੇ ਸਾਹਮਣੇ ਹੁੰਦਾ ਸੀ। ਇਸ ਗੱਲ ਦਾ ਪੂਰਾ ਸਬੂਤ ਉਨ੍ਹਾਂ ਕੋਲ ਹੈ ਜੋ ਜ਼ਰੂਰਤ ਪੈਣ ‘ਤੇ ਅਦਾਲਤ ‘ਚ ਪੇਸ਼ ਕਰਨਗੇ। ਉਨ੍ਹਾਂ ਕਿਹਾ ਪਿਛਲੇ ਢੇਡ ਦੋ ਮਹੀਨੇ ‘ਚ ਉਨ੍ਹਾਂ ਦੀ ਆਪਣੀ ਪਤਨੀ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।