ਦੀਵਾਲੀ ਤੋਂ ਪਹਿਲਾਂ ਹੀ ਧੂੰਏਂ ਨਾਲ ਦਿੱਲੀ ਦਾ ਸਾਹ ਘੁਟਿਆ

ਨਵੀਂ ਦਿੱਲੀ– ਦੀਵਾਲੀ ਦੇ ਤਿਉਹਾਰ ਨੂੰ ਭਾਵੇਂ ਹਾਲੇ ਇਕ ਹਫਤਾ ਬਾਕੀ ਹੈ, ਪਰ ਦੇਸ਼ ਦੀ ਰਾਜਧਾਨੀ ਦਾ ਧੂੰਏਂ ਕਾਰਨ ਹੁਣ ਤੋਂ ਹੀ ਸਾਹ ਘੁੱਟਣ ਲੱਗ ਪਿਆ ਹੈ। ਦਿੱਲੀ ਦੇ ਕਈ ਇਲਾਕਿਆਂ ਵਿਚ ਪ੍ਰਦੂਸ਼ਣ ਇੰਨਾ ਵਧ ਗਿਆ ਹੈ ਕਿ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਸਮੇਂ ਦਿੱਲੀ ਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿੱਲੀ ਵਾਸੀਆਂ ਦਾ ਕਹਿਣਾ ਹੈ ਕਿ ਬੀਤੇ ਕੁਝ ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਕਿਸਾਨਾਂ ਵਲੋਂ ਪਰਾਲੀ ਸਾੜੇ ਜਾਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਹਾਲਾਂਕਿ ਪੰਜਾਬ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪਰਾਲੀ ਘੱਟ ਸਾੜੀ ਗਈ ਹੈ। ਦੂਸਰੇ ਪਾਸੇ ਦਿੱਲੀ ਵਾਸੀਆਂ ਦਾ ਇਹ ਵੀ ਮੰਨਣਾ ਹੈ ਕਿ ਦਿੱਲੀ ਨੂੰ ਸਭ ਤੋਂ ਵੱਧ ਇੱਥੇ ਵੱਧ ਰਹੇ ਵਾਹਨਾਂ ਨੇ ਪ੍ਰਦੂਸ਼ਿਤ ਕੀਤਾ ਹੈ। ਦਿੱਲੀ ਵਿਚ ਰੋਜ਼ਾਨਾ ਬਾਹਰਲੇ ਰਾਜਾਂ ਤੋਂ ਲੱਖਾਂ ਹੀ ਵਾਹਨ ਆਉਂਦੇ ਹਨ, ਇਸ ਤੋਂ ਇਲਾਵਾ ਦਿੱਲੀ ਵਿਚ ਵੀ ਵਾਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।
ਇਸ ਦੌਰਾਨ ਦਿੱਲੀ ਵਿਚ ਸਾਹ ਨਾਲ ਪ੍ਰੇਸ਼ਾਨ ਮਰੀਜਾਂ ਦੀ ਗਿਣਤੀ ਵਧਣ ਲੱਗ ਪਈ ਹੈ, ਜੋ ਕਿ ਖਤਰੇ ਦੀ ਘੰਟੀ ਹੈ।