ਚੰਡੀਗੜ੍ਹ— ਰੋਡਵੇਜ਼ ਕਰਮਚਾਰੀ ਯੂਨੀਅਨਾਂ ਦੀ 16 ਅਕਤੂਬਰ ਤੋਂ ਚਲ ਰਹੀ ਹੜਤਾਲ 2 ਨਵੰਬਰ ਤਕ ਵਧਾ ਦਿੱਤੀ ਗਈ ਹੈ। ਰੋਡਵੇਜ਼ ਕਰਮਚਾਰੀ 700 ਪ੍ਰਾਈਵੇਟ ਬੱਸਾਂ ਨੂੰ ਕਿਲੋਮੀਟਰ ਸਕੀਮ ਤਹਿਤ ਪਰਮਿਟ ਜਾਰੀ ਕਰਨ ਦਾ ਵਿਰੋਧ ਕਰ ਰਹੇ ਹਨ। ਹੁਣ ਹੜਤਾਲ ਦੇ ਸਮਰਥਨ ਵਿਚ ਪ੍ਰਦੇਸ਼ ਦੇ ਸਰਕਾਰੀ ਵਿਭਾਗਾਂ ਦੇ ਲੱਗਭਗ 2 ਲੱਖ ਕਰਮਚਾਰੀ ਸ਼ਾਮਲ ਹੋ ਗਏ ਹਨ। ਇਸ ਨਾਲ ਪ੍ਰਦੇਸ਼ ਵਿਚ ਟਰਾਂਸਪੋਰਟ ਅਤੇ ਹੋਰ ਸਰਕਾਰੀ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀਆਂ ਹਨ। ਤਿਉਹਾਰੀ ਸੀਜ਼ਨ ਹੋਣ ਕਾਰਨ ਆਮ ਜਨਤਾ ਨੂੰ ਇਸ ਕਾਰਨ ਵੱਡੀ ਪਰੇਸ਼ਾਨੀ ਝੱਲਣੀ ਪਵੇਗੀ।
ਕਰਮਚਾਰੀਆਂ ‘ਤੇ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿਚ ਦੂਜੇ ਵਿਭਾਗਾਂ ਅਤੇ ਬੋਰਡਾਂ ਦੇ ਕਰਮਚਾਰੀ ਵੀ ਰੋਡਵੇਜ਼ ਯੂਨੀਅਨਾਂ ਦੇ ਸਮਰਥਨ ਵਿਚ ਆ ਗਏ ਹਨ। ਕਰਮਚਾਰੀਆਂ ਦੀ ਮੰਗ ਨਾ ਮੰਨੇ ਜਾਣ ‘ਤੇ 2 ਲੱਖ ਤੋਂ ਵਧ ਕਰਮਚਾਰੀ 30 ਅਤੇ 31 ਅਕਤੂਬਰ ਨੂੰ ਹੜਤਾਲ ‘ਤੇ ਰਹਿਣਗੇ। ਸਰਕਾਰ ਦੀ ਸਖਤੀ ਦੇ ਬਾਵਜੂਦ ਯੂਨੀਅਨ ਨੇਤਾ ਲਗਾਤਾਰ ਟਿਕਾਣੇ ਬਦਲ ਰਹੇ ਹਨ। ਉਨ੍ਹਾਂ ਮੋਬਾਇਲ ਫੋਨ ਬੰਦ ਕਰ ਲਏ ਹਨ ਤਾਂ ਕਿ ਲੋਕੇਸ਼ਨ ਟਰੇਸ ਨਾ ਹੋ ਸਕੇ। ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰ ਕੇ ਹੜਤਾਲ ਨੂੰ ਜਾਰੀ ਰੱਖਣ ਦੀ ਅਪੀਲ ਕਰ ਰਹੇ ਹਨ।
ਹੜਤਾਲ ਨੂੰ ਲੈ ਕੇ ਟਰਾਂਸਪੋਰਟ ਵਿਭਾਗ ਦੇ ਏ. ਸੀ. ਐੱਸ. ਧਨਪਤ ਸਿੰਘ ਦਿਨ ਭਰ ਅਫਸਰਾਂ ਨਾਲ ਬੈਠਕ ਕਰਦੇ ਰਹੇ। ਸ਼ਾਮ ਨੂੰ ਸਕੱਤਰ ਡੀ. ਐੱਸ. ਢੇਸੀ ਨਾਲ ਵਿਭਾਗ ਦੇ ਸਾਰੇ ਅਫਸਰਾਂ ਦੀ ਸਕੱਤਰੇਤ ਵਿਚ ਮੀਟਿੰਗ ਹੋਈ। ਸੂਤਰਾਂ ਦਾ ਕਹਿਣਾ ਹੈ ਕਿ ਬੈਠਕ ਵਿਚ ਹੜਤਾਲ ਨੂੰ ਖਤਮ ਕਰਨ ਦੀ ਸੰਭਾਵਨਾ ਤਲਾਸ਼ੀ ਗਈ। ਜਲਦੀ ਹੀ ਰੋਡਵੇਜ਼ ਯੂਨੀਅਨਾਂ ਦੇ ਅਹੁਦਾ ਅਧਿਕਾਰੀਆਂ ਨੂੰ ਗੱਲਬਾਤ ਲਈ ਬੁਲਾਇਆ ਜਾ ਸਕਦਾ ਹੈ। ਦੇਖਣਾ ਇਹ ਹੋਵੇਗਾ ਕਿ ਤਿਉਹਾਰੀ ਸੀਜ਼ਨ ਦੇ ਚੱਲਦੇ ਆਮ ਜਨਤਾ ਇੰਝ ਹੀ ਪਰੇਸ਼ਾਨੀ ਹੁੰਦੀ ਹੈ ਜਾਂ ਉਸ ਦਾ ਕੋਈ ਹੱਲ ਕੱਢਿਆ ਜਾਵੇਗਾ।