ਚੰਡੀਗੜ੍ਹ— ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਨਵੰਬਰ ਦਾ ਮਹੀਨਾ ਹਫੜਾ-ਦਫੜੀ ਭਰਿਆ ਹੋ ਸਕਦਾ ਹੈ ਕਿਉਂਕਿ ਇੱਥੇ ਦਾ ਇਕ ਰਨਵੇ ਮੁਰੰਮਤ ਲਈ 13 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਕਈ ਉਡਾਣਾਂ ਰੱਦ ਹੋ ਰਹੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਨਵੰਬਰ ਮਹੀਨੇ ਦੇ ਇਨ੍ਹਾਂ ਦਿਨਾਂ ਦੌਰਾਨ ਦਿੱਲੀ ਤੋਂ ਘਰੇਲੂ ਜਾਂ ਕੌਮਾਂਤਰੀ ਫਲਾਈਟ ਫੜਨ ਦੀ ਯੋਜਨਾ ਬਣਾ ਰਹੇ ਹੋ ਤਾਂ ਆਪਣੀ ਏਅਰਲਾਈਨ ਤੋਂ ਫਲਾਈਟ ਬਾਰੇ ਕਨਫਰਮ ਜ਼ਰੂਰ ਕਰ ਲਓ।
ਦਿੱਲੀ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਦੇ ਅਪਗ੍ਰੇਡੇਸ਼ਨ ਕਾਰਨ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ 12 ਉਡਾਣਾਂ 15 ਤੋਂ 27 ਨਵੰਬਰ ਤਕ ਰੱਦ ਰਹਿਣਗੀਆਂ। ਚੰਡੀਗੜ੍ਹ ਹਵਾਈ ਅੱਡੇ ਤੋਂ ਰੋਜ਼ਾਨਾ 37 ਫਲਾਈਟਸ ਉਡਾਣ ਭਰਦੀਆਂ ਹਨ, ਜਿਸ ‘ਚ 12 ਉਡਾਣਾਂ ਇਕੱਲੇ ਦਿੱਲੀ ਲਈ ਜਾਂਦੀਆਂ ਹਨ।
ਚੰਡੀਗੜ੍ਹ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦਾ ਗੇਟਵੇ ਹੈ। ਇਨ੍ਹਾਂ ਖੇਤਰਾਂ ਦੇ ਲੱਖਾਂ ਲੋਕ ਵਿਦੇਸ਼ ‘ਚ ਰਹਿੰਦੇ ਹਨ। ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਜਾ ਕੇ ਲੋਕ ਅਮਰੀਕਾ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਉਡਾਣਾਂ ਫੜਦੇ ਹਨ। ਅਜਿਹੇ ਹਾਲਾਤ ‘ਚ ਦਿੱਲੀ ਹਵਾਈ ਅੱਡੇ ਦੇ ਬੰਦ ਰਹਿਣ ਨਾਲ ਹਵਾਈ ਮੁਸਾਫਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਦੀਵਾਲੀ ਮਨਾਉਣ ਲਈ ਬਹੁਤ ਸਾਰੇ ਲੋਕ ਵਿਦੇਸ਼ ਤੋਂ ਆਪਣੇ ਘਰ ਆਏ ਹੋਏ ਹਨ। ਅਜਿਹੇ ‘ਚ ਉਨ੍ਹਾਂ ਨੂੰ ਵਾਪਸ ਜਾਣ ‘ਚ ਬੇਹੱਦ ਪ੍ਰੇਸ਼ਾਨੀ ਹੋਵੇਗੀ।