ਟੋਕੀਓ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਮੋਦੀ ਨੇ ਆਬੇ ਨੂੰ ਪੱਥਰ ਦੀਆਂ ਹੱਥਾਂ ਨਾਲ ਬਣੀਆਂ ਦੋ ਕਟੋਰੀਆਂ ਅਤੇ ਵਿਸ਼ੇਸ਼ ਤੌਰ ‘ਤੇ ਬੁਣੀ ਗਈ ਇਕ ਦਰੀ ਤੋਹਫੇ ਵਜੋਂ ਦਿੱਤੀ। ਸੂਤਰਾਂ ਨੇ ਦੱਸਿਆ ਕਿ ਦੋ ਦਿਨੀਂ ਦੌਰੇ ‘ਤੇ ਜਾਪਾਨ ਪਹੁੰਚੇ ਮੋਦੀ ਨੇ ਰਾਜਸਥਾਨ ਦੇ ਲਾਲ ਅਤੇ ਪੀਲੇ ਕ੍ਰਿਸਟਲ ਨਾਲ ਬਣੀਆਂ ਕਟੋਰੀਆਂ ਤੋਹਫੇ ਵਜੋਂ ਦਿੱਤੀਆਂ ਹਨ।
ਇਨ੍ਹਾਂ ਨੂੰ ਗੁਜਰਾਤ ਵਿਚ ਖੰਭਾਤ ਖੇਤਰ ਦੇ ਮਸ਼ਹੂਰ ਕਾਰੀਗਰ ਸ਼ੱਬੀਰ ਹੁਸੈਨ ਇਬਰਾਹਿਮ ਭਾਈ ਸ਼ੇਖ ਨੇ ਬਣਾਇਆ ਹੈ। ਇਹ ਕਟੋਰੀਆਂ ਵਿਲੱਖਣ ਹਨ ਕਿਉਂਕਿ ਪੱਥਰਾਂ ਨੂੰ ਹੱਥ ਨਾਲ ਵਰਤੋਂ ਵਿਚ ਲਿਆਏ ਜਾਣ ਵਾਲੇ ਔਜ਼ਾਰਾਂ ਦੀ ਮਦਦ ਨਾਲ ਕਟੋਰੀ ਦੇ ਆਕਾਰ ਵਿਚ ਢਾਲਿਆ ਗਿਆ ਹੈ ਅਤੇ ਕਿਸੇ ਵੀ ਲੇਥ ਮਸ਼ੀਨ ਦੀ ਵਰਤੋਂ ਨਹੀਂ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸ਼ਿੰਜ਼ੋ ਆਬੇ ਨੂੰ ਉੱਤਰ ਪ੍ਰਦੇਸ਼ ਵਿਚ ਮਿਰਜ਼ਾਪੁਰ ਦੇ ਬੁਣਕਾਰਾਂ ਵੱਲੋਂ ਹੱਥ ਨਾਲ ਬੁਣੀ ਗਈ ਖਾਸ ਦਰੀ ਵੀ ਤੋਹਫੇ ਵਜੋਂ ਦਿੱਤੀ। ਇਸ ਦਰੀ ‘ਤੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਬਣਾਏ ਗਏ ਹਨ। ਜਿਨ੍ਹਾਂ ਵਿਚ ਜਿਓਮੈਟਿਕ ਆਕਾਰਾਂ ਤੋਂ ਲੈ ਕੇ ਫੁੱਲ-ਪੱਤੀਆਂ ਸ਼ਾਮਲ ਹਨ। ਦਰੀ ਵਿਚ ਨੀਲੇ, ਲਾਲ ਅਤੇ ਪੀਲੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ।
ਕਟੋਰੀਆਂ ਅਤੇ ਦਰੀ ਨੂੰ ਅਹਿਮਦਾਬਾਦ ਸਥਿਤ ਦੇਸ਼ ਦੀ ਮਸ਼ਹੂਰ ਕੌਮੀ ਡਿਜ਼ਾਈਨ ਸੰਸਥਾ ਦੀ ਨਿਗਰਾਨੀ ਵਿਚ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਦੇ ਇਲਾਵਾ ਜਾਪਾਨੀ ਹਮਰੁਤਬਾ ਨੂੰ ਲੱਕੜ ਦੀ ਜੋਧਪੁਰੀ ਸੰਦੂਕ ਵੀ ਤੋਹਫੇ ਵਿਚ ਦਿੱਤੀ ਹੈ। ਦੋਹਾਂ ਨੇਤਾਵਾਂ ਵਿਚਕਾਰ ਬੀਤੇ ਸਾਢੇ ਚਾਰ ਸਾਲ ਵਿਚ ਇਹ 12ਵੀਂ ਬੈਠਕ ਹੈ।