ਫੌਜ ਮੁਖੀ ਰਾਵਤ ਦੀ ਪਾਕਿਸਤਾਨੀ ਨੂੰ ਚਿਤਾਵਨੀ, ਕਿਹਾ- ਸੁਧਰ ਜਾਓ ਨਹੀਂ ਤਾਂ ਕਰਾਂਗੇ ਵੱਡੀ ਕਾਰਵਾਈ

ਨਵੀਂ ਦਿੱਲੀ— ਸ਼ਨੀਵਾਰ ਨੂੰ ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਸਖਤ ਲਹਿਜੇ ਵਿਚ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਰਾਵਤ ਨੇ ਕਿਹਾ ਕਿ ਪਾਕਿਸਤਾਨ, ਭਾਰਤ ਵਿਚ ਘੁਸਪੈਠ ਰੋਕੇ ਨਹੀਂ ਤਾਂ ਭਾਰਤ ਕੋਲ ਹਰ ਕਾਰਵਾਈ ਦਾ ਬਦਲ ਖੁੱਲ੍ਹਾ ਹੈ। ਰਾਵਤ ਨੇ ਕਿਹਾ ਕਿ ਘੁਸਪੈਠ ਤੋਂ ਨੁਕਸਾਨ ਸਿਰਫ ਪਾਕਿਸਤਾਨ ਨੂੰ ਹੈ, ਇਸ ਲਈ ਉਹ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਆਏ ਅਤੇ ਅੱਤਵਾਦੀਆਂ ਨੂੰ ਸਮਰਥਨ ਦੇਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ‘ਤੇ ਭਾਰਤ ਦੀ ਫੌਜ ਕਸ਼ਮੀਰ ਦਾ ਬਚਾਅ ਕਰਨ ‘ਚ ਸਮਰੱਥ ਹੈ। ਭਾਰਤ ਵਿਚ ਘੁਸਪੈਠ ਕਰ ਕੇ ਪਾਕਿਸਤਾਨ ਬੇਕਾਰ ਕੋਸ਼ਿਸ਼ਾਂ ਕਰ ਰਿਹਾ ਹੈ, ਉਸ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ। ਇੱਥੇ ਦੱਸ ਦੇਈਏ ਕਿ ਫੌਜ ਮੁਖੀ ਰਾਵਤ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ ‘ਤੇ ਆਯੋਜਿਤ ਪੈਦਾ ਫੌਜ ਦਿਵਸ ਮੌਕੇ ਮੀਡੀਆ ਨਾਲ ਰੂ-ਬ-ਰੂ ਹੋਏ।
ਰਾਵਤ ਨੇ ਕਿਹਾ ਕਿ ਪਾਕਿਸਤਾਨ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਆਪਣੇ ਮਨਸੂਬਿਆਂ ਵਿਚ ਸਫਲ ਨਹੀਂ ਹੋਵੇਗਾ। ਉਹ ਕਸ਼ਮੀਰ ਵਿਚ ਵਿਕਾਸ ਦਾ ਕੰਮ ਰੋਕਣਾ ਚਾਹੁੰਦਾ ਹੈ ਅਤੇ ਇਸ ਲਈ ਅੱਤਵਾਦ ਦਾ ਦੂਜੇ ਤਰੀਕੇ ਨਾਲ ਇਸਤੇਮਾਲ ਕਰ ਰਿਹਾ ਹੈ, ਕਿਉਂਕਿ ਉਹ ਮੁੱਦਾ ਭਖਦਾ ਰੱਖਣਾ ਚਾਹੁੰਦਾ ਹੈ। ਰਾਵਤੇ ਨੇ ਕਿਹਾ ਕਿ ਫੌਜ ਕਸ਼ਮੀਰ ਲਈ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਰਾਵਤ ਨੇ ਇਸ ਦੇ ਨਾਲ ਹੀ ਕਿਹਾ ਕਿਉਂ ਨਾ ਪੱਥਰਬਾਜ਼ਾਂ ਨਾਲ ਵੀ ਅੱਤਵਾਦੀਆਂ ਵਰਗਾ ਸਲੂਕ ਹੋਵੇ। ਉਨ੍ਹਾਂ ਕਿਹਾ ਕਿ ਸਾਡਾ ਇਕ ਜਵਾਨ ਪੱਥਰਬਾਜ਼ੀ ਵਿਚ ਮਾਰਿਆ ਗਿਆ, ਜੋ ਸੀਮਾ ਸੜਕ ਸੰਗਠਨ ਅਧੀਨ ਸੜਕ ਦੀ ਸੁਰੱਖਿਆ ਵਿਚ ਲੱਗਾ ਸੀ। ਕੁਝ ਲੋਕ ਅਜੇ ਵੀ ਸਾਨੂੰ ਕਹਿੰਦੇ ਹਨ ਕਿ ਪੱਥਰਬਾਜ਼ਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਨਾ ਕਰੋ।
ਦੱਸਣਯੋਗ ਹੈ ਕਿ ਕਸ਼ਮੀਰ ਦੇ ਅਨੰਤਨਾਗ ਵਿਚ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ ਸੀ, ਇਸ ਹਮਲੇ ਵਿਚ 22 ਸਾਲਾ ਜਵਾਨ ਰਾਜੇਂਦਰ ਸਿੰਘ ਸ਼ਹੀਦ ਹੋ ਗਏ। ਉਨ੍ਹਾਂ ਦੇ ਸਿਰ ‘ਤੇ ਪੱਥਰ ਲਿਆ ਸੀ। ਰਾਜੇਂਦਰ ਸਿੰਘ ਵੀਰਵਾਰ ਨੂੰ ਸੀਮਾ ਸੜਕ ਸੰਗਠਨ (ਬੀ. ਆਰ. ਓ.) ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਵਾਹਨਾਂ ਦੇ ਕਾਫਿਲੇ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੇ ਹੋਏ ਸਨ। ਵੀਰਵਾਰ ਦੀ ਸ਼ਾਮ ਲੱਗਭਗ 6 ਵਜੇ ਜਦੋਂ ਇਹ ਕਾਫਲਾ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ‘ਤੇ ਸਥਿਤ ਅਨੰਤਨਾਗ ‘ਚ ਪਹੁੰਚਿਆ ਤਾਂ ਹਿੰਸਕ ਭੀੜ ਨੇ ਪਥਰਾਅ ਕਰ ਦਿੱਤਾ। ਇਸ ਦੌਰਾਨ ਇਕ ਪੱਥਰ ਜਵਾਨ ਰਾਜੇਂਦਰ ਸਿੰਘ ਦੇ ਸਿਰ ‘ਤੇ ਲੱਗਾ ਅਤੇ ਉਹ ਗੰਭੀਰ ਜ਼ਖਮੀ ਹੋ ਗਏ। ਬਾਅਦ ‘ਚ ਉਨ੍ਹਾਂ ਨੂੰ ਇਲਾਜ ਲਈ ਸ਼੍ਰੀਨਗਰ ਸਥਿਤ ਆਰਮੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਦਮ ਤੋੜ ਦਿੱਤਾ।