ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹਮਰੁਤਬਾ ਸ਼ਿੰਜੋ ਆਬੇ ਨਾਲ ਸਾਲਾਨਾ ਸ਼ਿਖਰ ਸੰਮਲੇਨ ‘ਚ ਹਿੱਸਾ ਲੈਣ ਲਈ ਸ਼ਨੀਵਾਰ ਨੂੰ ਜਾਪਾਨ ਰਵਾਨਾ ਹੋ ਗਏ ਹਨ। ਇਹ ਦੋ ਦਿਨਾਂ ਸੰਮੇਲਨ 28 ਅਤੇ 29 ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ। ਜਾਪਾਨ ਰਵਾਨਾ ਹੋਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਮੋਦੀ ਨੇ ਕਿਹਾ ਕਿ ਜਾਪਾਨ ਦੋ-ਪੱਖੀ ਅਤੇ ਤਕਨੀਕੀ ਆਧੁਨਿਕੀਕਰਨ ਲਈ ਭਾਰਤ ਦਾ ਸਭ ਤੋਂ ਕੀਮਤੀ ਸਹਿਯੋਗੀ ਹੈ।
ਮੋਦੀ ਨੇ ਕਿਹਾ ਕਿ ਜਾਪਾਨ ਨਾਲ ਸਾਡੇ ਆਰਥਿਕ, ਆਪਸੀ ਸਹਿਯੋਗ ‘ਚ ਹਾਲ ਦੇ ਸਾਲਾਂ ਵਿਚ ਪੂਰੀ ਤਰ੍ਹਾਂ ਨਾਲ ਬਦਲਾਅ ਆਇਆ ਹੈ। ਅੱਜ ਸਾਡਾ ਸਹਿਯੋਗ ਕਾਫੀ ਡੂੰਘਾ ਅਤੇ ਉਦੇਸ਼ਪੂਰਨ ਹੈ। ਭਾਰਤ ਅਤੇ ਜਾਪਾਨ ਵਿਚਾਲੇ ਸਹਿਯੋਗ ਭਾਰਤ ਦੀ ਐਕਟ ਈਸਟ ਨੀਤੀ ਅਤੇ ਮੁਕਤ, ਖੁੱਲ੍ਹੀ ਅਤੇ ਹਿੰਦ ਪ੍ਰਸ਼ਾਂਤ ਖੇਤਰ ਪ੍ਰਤੀ ਦੋਹਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੇ ਮਜ਼ਬੂਤ ਸੰਦਭਾਂ ‘ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਸਤੰਬਰ 2014 ਵਿਚ ਉਨ੍ਹਾਂ ਦੀ ਪ੍ਰਧਾਨ ਮੰਤਰੀ ਦੇ ਰੂਪ ਵਿਚ ਪਹਿਲੀ ਜਾਪਾਨ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਇਹ 12ਵੀਂ ਬੈਠਕ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਾਪਾਨ ਸਾਡੇ ਦੇਸ਼ ਵਿਚ ਸਕਿਲ ਇੰਡੀਆ, ਡਿਜ਼ੀਟਲ ਇੰਡੀਆ, ਸਟਾਰਟਅਪ ਇੰਡੀਆ ਵਰਗੀਆਂ ਕੌਮੀ ਪਹਿਲਾਂ ਵਿਚ ਅੱਗੇ ਵਧ ਕੇ ਸਹਿਯੋਗ ਕਰ ਰਿਹਾ ਹੈ। ਜਾਪਾਨੀ ਨਿਵੇਸ਼ਕਾਂ ਦਾ ਭਾਰਤ ਦੇ ਆਰਥਿਕ ਭਵਿੱਖ ‘ਚ ਭਰੋਸਾ ਬਣਿਆ ਹੋਇਆ ਹੈ।