ਲੁਧਿਆਣਾ : ਆਮ ਆਦਮੀ ਪਾਰਟੀ ਦੇ ਬਾਗੂ ਆਗੂ ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਪਾਰਟੀ ਵਿਰੋਧੀ ਬਿਆਨ ਦਿੱਤਾ ਹੈ। ਖਹਿਰਾ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਕੋਈ ਬੇਵਕੂਫ ਹੀ ਹੋਵੇਗਾ ਜਿਹੜਾ ਪਾਰਟੀ ਦਾ ਸੂਬਾ ਪ੍ਰਧਾਨ ਬਣੇਗਾ। ਖਹਿਰਾ ਗੋਲੀਆਂ ਮਾਰ ਕੇ ਜ਼ਖਮੀ ਕੀਤੇ ਅਕਾਲੀ ਆਗੂ ਦਾ ਹਾਲ ਜਾਨਣ ਡੀ. ਐੱਮ. ਸੀ. ਹਸਪਤਾਲ ਵਿਚ ਪਹੁੰਚੇ ਹੋਏ ਸਨ। ਖਹਿਰਾ ਨੇ ਕਿਹਾ ਕਿ ਸੂਬੇ ਦੇ ਹਾਲਾਤ ਅੱਜ ਵੀ ਉਹੋ ਹਨ ਜੋ ਅਕਾਲੀ-ਭਾਜਪਾ ਸਰਕਾਰ ਸਮੇਂ ਸਨ।
ਅੰਮ੍ਰਿਤਸਰ ਰੇਲ ਹਾਦਸੇ ‘ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਅੱਜ ਹਾਦਸਾ ਵਾਪਰੇ ਨੂੰ ਕਈ ਦਿਨ ਹੋ ਚੁੱਕੇ ਹਨ ਬਾਵਜੂਦ ਇਸ ਦੇ ਕਿਸੇ ਦੀ ਜ਼ਿੰਮੇਵਾਰੀ ਤੈਅ ਨਹੀਂ ਹੋ ਸਕੀ ਹੈ। ਅਕਾਲੀ ਆਗੂ ਰਤਨ ਸਿੰਘ ਅਜਨਾਲਾ ਵਲੋਂ ਅਕਾਲੀ ਬਚਾਓ ਲਹਿਰ ਚਲਾਉਣ ਦਾ ਐਲਾਨ ਕਰਨ ਦੇ ਫੈਸਲਾ ਦਾ ਸਵਾਗਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਅਜਿਹੀ ਲਹਿਰ ਪਹਿਲਾਂ ਚਲਾਈ ਜਾਣੀ ਚਾਹੀਦੀ ਸੀ ਤਾਂ ਜੋ ਅਕਾਲੀ ਦਲ ਨੂੰ ਬਾਦਲਾਂ ਦੇ ਸ਼ਿਕੰਜੇ ‘ਚੋਂ ਬਾਹਰ ਕੱਢਿਆ ਜਾ ਸਕੇ।