ਬਟਾਲਾ : ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਅਤੇ ਆਪਣਾ ਪੰਜਾਬ ਪਾਰਟੀ ਦੇ ਮੁਖੀ ਸੁੱਚਾ ਸਿੰਘ ਛੋਟੇਪੁਰ ਨੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਬਾਰੇ ਫੈਲੀਆਂ ਅਫਵਾਹਾਂ ਨੂੰ ਨਾਕਾਰ ਦਿੱਤਾ ਹੈ। ਜਾਣਕਾਰੀ ਅਨੁਸਾਰ ਛੋਟੇਪੁਰ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਬਾਰੇ ਇਕ ਅਖਬਾਰ ਵਿਚ ਬਕਾਇਦਾ ਖਬਰ ਵੀ ਛਪੀ ਸੀ ਅਤੇ ਇਹ ਖਬਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਛੋਟੇਪੁਰ ਨੇ ਆਖਿਆ ਹੈ ਕਿ ਇਹ ਸਭ ਮਨਘੜਤ ਗੱਲਾਂ ਹਨ, ਜੋ ਕਿਸੇ ਸ਼ਰਾਰਤੀ ਵਿਅਕਤੀ ਦਾ ਕਾਰਾ ਹੈ।
ਛੋਟੇਪੁਰ ਨੇ ਕਿਹਾ ਕਿ ਕੁਝ ਲੋਕ ਅਜਿਹੀਆਂ ਖਬਰਾਂ ਜਾਣ-ਬੁੱਝ ਕੇ ਨਸ਼ਰ ਕਰਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬਰਗਾੜੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਮਾਝੇ ਦੇ ਅਕਾਲੀ ਆਗੂਆਂ ਵਲੋਂ ਛੋਟੇਪੁਰ ਨੂੰ ਆਪਣੇ ਨਾਲ ਤੋਰਨ ਸੰਬੰਧੀ ਖਬਰ 26 ਅਕਤੂਬਰ ਨੂੰ ਛਪੀ ਹੈ, ਜੋ ਸਾਰਾ ਦਿਨ ਸੋਸ਼ਲ ਮੀਡੀਆ ‘ਤੇ ਛਾਈ ਰਹੀ।