ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਮਚਿਆ ਘਮਸਾਨ

ਮਨਜਿੰਦਰ ਸਿਰਸਾ ਨੇ ਦਿੱਤਾ ਅਹੁਦੇ ਤੋਂ ਅਸਤੀਫਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ ਕਾਰਨ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਰੋਧ ਵਜੋਂ ਆਪਣਾ ਅਹੁਦਾ ਛੱਡ ਦਿੱਤਾ ਹੈ। ਧਿਆਨ ਰਹੇ ਕਿ ਦੋ ਹਫਤੇ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਮਨਜੀਤ ਸਿੰਘ ਜੀਕੇ ਛੁੱਟੀ ‘ਤੇ ਚਲੇ ਗਏ ਸਨ ਅਤੇ ਲੰਘੇ ਬੁੱਧਵਾਰ ਨੂੰ ਹੀ ਵਾਪਸ ਪਰਤੇ ਹਨ। ਇਹ ਵੀ ਪਤਾ ਲੱਗਾ ਕਿ ਜੀਕੇ ਦੇ ਭ੍ਰਿਸ਼ਟਾਚਾਰ ਬਾਰੇ ਸਿਰਸਾ ਕਈ ਵਾਰ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰ ਚੁੱਕੇ ਹਨ, ਪਰ ਕੋਈ ਕਾਰਵਾਈ ਨਾ ਹੋਣ ਕਾਰਨ, ਸਿਰਸਾ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ। ਮਨਜੀਤ ਜੀਕੇ ‘ਤੇ ਦੋਸ਼ ਹੈ ਕਿ ਉਸ ਨੇ ਗੁਰੂ ਦੀ ਗੋਲਕ ਆਪਣੇ ਚਹੇਤਿਆਂ ਨੂੰ ਠੇਕੇ ਦੇ ਕੇ ਲੁਟਾਈ ਹੈ। ਉਧਰ ਦੂਜੇ ਪਾਸੇ ਮਨਜੀਤ ਸਿੰਘ ਜੀਕੇ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲਗਾਏ ਜਾ ਰਹੇ ਦੋਸ਼ ਝੂਠੇ ਹਨ ਅਤੇ ਸਿਆਸਤ ਤੋਂ ਪ੍ਰੇਰਿਤ ਹਨ।