ਮੁਕਾਬਲੇ ਵਿਚ ਇਕ ਜਵਾਨ ਵੀ ਸ਼ਹੀਦ

ਸ੍ਰੀਨਗਰ :  ਉਤਰੀ ਕਸ਼ਮੀਰ ਦੇ ਸੋਪੋਰ ਦੇ ਬੇਹਰਮਪੋਰਾ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਅੱਜ ਸਵੇਰੇ ਮੁਕਾਬਲਾ ਹੋਇਆ। ਇਸ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਅਤੇ ਇਕ ਜਵਾਨ ਲਾਂਸ ਨਾਇਕ ਬਰਜੇਸ਼ ਕੁਮਾਰ ਵੀ ਸ਼ਹੀਦ ਹੋ ਗਿਆ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਲਾਕੇ ਵਿਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਅੱਤਵਾਦੀਆਂ ਨੇ ਖੁਦ ਨੂੰ ਘਿਰੇ ਹੋਏ ਦੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਗੋਲੀਬਾਰੀ ਕਰਕੇ ਦੋ ਅੱਤਵਾਦੀ ਨੂੰ ਮਾਰ ਮੁਕਾਇਆ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਵੀ ਪੁਲਾਵਾਮਾ ਜ਼ਿਲ੍ਹੇ ਦੇ ਤਰਾਲ ਵਿਚ ਅੱਤਵਾਦੀਆਂ ਨੇ ਫੌਜ ਦੇ ਕੈਂਪ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਇਕ ਜਵਾਨ ਸ਼ਹੀਦ ਹੋ ਗਿਆ ਸੀ।