ਗ਼ਲਤ ਢੰਗ ਨਾਲ ਖਾਣਾ-ਪੀਣਾ ਕਰਦੈ ਲਿਵਰ ਨੂੰ ਪ੍ਰਭਾਵਿਤ

ਗ਼ਲਤ ਢੰਗ ਨਾਲ ਖਾਣਾ-ਪੀਣਾ ਸਿੱਧੇ ਤੌਰ ‘ਤੇ ਸਾਡੇ ਲਿਵਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਾਪ੍ਰਵਾਹੀ ਕਰ ਕੇ ਵਿਗੜੀ ਲਿਵਰ ਦੀ ਕਾਰਜਸ਼ੈਲੀ ਸ਼ਰੀਰ ਨੂੰ ਪੀਲੀਆ ਦਾ ਸ਼ਿਕਾਰ ਬਣਾ ਦਿੰਦੀ ਹੈ। ਪੀਲੀਆ ਇੱਕ ਅਜਿਹੀ ਬੀਮਾਰੀ ਹੈ ਜੋ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਚਾਹੇ ਬੱਚਾ ਹੋਵੇ, ਜਵਾਨ ਜਾਂ ਫ਼ਿਰ ਬਜ਼ੁਰਗ। ਇਸ ਲਈ ਉਮਰ ਦੇ ਹਰ ਪੜਾਅ ‘ਤੇ ਆਪਣੀ ਪੌਸ਼ਟਿਕ ਖ਼ੁਰਾਕ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਲਿਵਰ ਦਾ ਸਿਸਟਮ ਖ਼ਰਾਬ ਹੋਣ ਨਾਲ ਸ਼ਰੀਰ ‘ਚ ਖ਼ੂਨ ਦੇ ਸੰਚਾਰ ਦੀ ਗਤੀ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਜਾਂਦੀ ਹੈ ਜੋ ਪੀਲੀਏ ਦਾ ਕਾਰਨ ਬਣਦੀ ਹੈ। ਪੀਲੀਆ ਸ਼ਰੀਰ ਨੂੰ ਕਮਜ਼ੋਰ ਅਤੇ ਸੁਸਤ ਬਣਾਉਂਦਾ ਹੈ ਕਿਉਂਕੀ ਮਨੁੱਖੀ ਸ਼ਰੀਰ ‘ਚ ਖ਼ੂਨ ਦੀ ਮੁੱਖ ਭੂਮਿਕਾ ਹੁੰਦੀ ਹੈ, ਅਤੇ ਸ਼ਰੀਰ ਦੀਆਂ ਨਾੜੀਆਂ ਵਿੱਚ ਇਸ ਦਾ ਪ੍ਰਵਾਹ ਵੀ ਕੁਦਰਤ ਵਲੋਂ ਨਿਸ਼ਚਿਤ ਕੀਤਾ ਗਿਆ ਹੈ ਜਿਸ ਦਾ ਘੱਟ ਜਾਣਾ ਮਨੁੱਖੀ ਸ਼ਰੀਰ ਲਈ ਸਮੱਸਿਆਵਾਂ ਦਾ ਕਾਰਨ ਬਣ ਜਾਂਦਾ ਹੈ। ਪੀਲੀਆ ਹੋਣ ਦਾ ਇੱਕ ਹੋਰ ਮੁੱਖ ਕਾਰਨ ਖ਼ੂਨ ਵਿੱਚ ਮੌਜੂਦ ਵਿਲਰੂਬਿਨ ਨਾਂ ਦੇ ਪਦਾਰਥ ਦਾ ਪੱਧਰ ਵਧਣਾ ਵੀ ਹੈ। ਜਦੋਂ ਇਸ ਦਾ ਪੱਧਰ ਬਹੁਤ ਵੱਧ ਜਾਂਦਾ ਹੈ ਤਾਂ ਪੀੜਤ ਦੇ ਚਿਹਰੇ, ਅੱਖਾਂ ਵਿੱਚ ਵੀ ਪੀਲਾਪਨ ਆ ਜਾਂਦਾ ਹੈ।
ਪੀਲੀਏ ਦੇ ਮੁੱਖ ਲੱਛਣ
ਪੀਲੀਏ ਨਾਲ ਪੀੜਤ ਹੋਣ ‘ਤੇ ਇਨ੍ਹਾਂ ਲੱਛਣਾਂ ਰਾਹੀਂ ਪੀੜਤ ਨੂੰ ਇਸ ਬੀਮਾਰੀ ਦੇ ਹੋਣ ਦਾ ਪਤਾ ਲੱਗ ਸਕਦਾ ਹੈ, ਪਰ ਕਈ ਵਾਰ ਕੁੱਝ ਪੀੜਤਾਂ ਵਿੱਚ ਇਸ ਤਰ੍ਹਾਂ ਦੇ ਲੱਛਣ ਸਾਹਮਣੇ ਨਹੀਂ ਵੀਆਉਂਦੇ। ਉਨ੍ਹਾਂ ਨੂੰ ਪੇਸ਼ ਆਉਣ ਵਾਲੀ ਸਮੱਸਿਆ ਅਤੇ ਕਰਵਾਏ ਗਏ ਟੈੱਸਟ ਹੀ ਪੀਲੀਏ ਦੀ ਪੁਸ਼ਟੀ ਕਰਦੇ ਹਨ।
1. ਰੋਗੀ ਦੇ ਪੇਟ ਵਿੱਚ ਆਮ ਤੌਰ ‘ਤੇ ਦਰਦ ਦੀ ਸ਼ਿਕਾਇਤ ਰਹਿੰਦੀ ਹੈ।
2. ਪੀੜਤ ਨੂੰ ਬੁਖ਼ਾਰ ਹੋ ਜਾਂਦਾ ਹੈ ਅਤੇ ਸ਼ਰੀਰਕ ਥਕਾਵਟ ਵੀ ਮਹਿਸੂਸ ਹੁੰਦੀ ਰਹਿੰਦੀ ਹੈ।
3. ਪੀੜਤ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ।
4. ਪੀੜਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਵੀ ਘੇਰ ਲੈਂਦੀ ਹੈ।
5. ਪੀੜਤ ਦੀਆਂ ਅੱਖਾਂ ਅਤੇ ਚਿਹਰੇ ਦਾ ਰੰਗ ਪੀਲਾ ਪੈ ਜਾਂਦਾ ਹੈ।
ਪੀਲੀਆ ਦੇ ਕਾਰਨ
1. ਸਭ ਤੋਂ ਪਹਿਲਾਂ ਗ਼ਲਤ ਖਾਣਾ-ਪੀਣਾ ਇਸ ਬੀਮਾਰੀ ਦਾ ਮੁੱਖ ਕਾਰਨ ਹੈ।
2. ਕਿਸੇ ਵੀ ਵਿਅਕਤੀ ਦੇ ਸ਼ਰੀਰ ‘ਚੋਂ ਕਿਸੇ ਦੁਰਘਟਨਾ ਕਰ ਕੇ ਵੱਧ ਖ਼ੂਨ ਨਿਕਲ ਜਾਣਾ ਵੀ ਪੀਲੀਏ ਦਾ ਕਾਰਨ ਬਣ ਸਕਦਾ ਹੈ।
3. ਪਾਚਣ ਕਿਰਿਆ ਦਾ ਪ੍ਰਭਾਵਿਤ ਹੋਣਾ ਵੀ ਲਿਵਰ ‘ਤੇ ਮਾੜਾ ਅਸਰ ਪਾ ਦਿੰਦੀ ਹੈ ਜਿਸ ਕਰ ਕੇ ਪੀਲੀਆ ਘੇਰ ਲੈਂਦਾ ਹੈ।
4. ਤੇਜ਼ ਮਿਰਚ ਅਤੇ ਮਸਾਲੇਦਾਰ ਭੋਜਨ ਦੀ ਆਦਤ ਵੀ ਇਸ ਦਾ ਕਾਰਨ ਹੈ।
5. ਕਈ ਮਾਮਲਿਆਂ ਵਿੱਚ ਪੱਥਰੀ ਦੀ ਸ਼ਿਕਾਇਤ ਵੀ ਪੀਲੀਏ ਦਾ ਕਾਰਨ ਬਣ ਸਕਦੀ ਹੈ।
6. ਜ਼ਿਆਦਾ ਸ਼ਰਾਬ ਜਾਂ ਹੋਰ ਨਸ਼ੇ ਵਾਲੀਆਂ ਵਸਤਾਂ ਦਾ ਸੇਵਨ ਕਰਨਾ ਵੀ ਇਸ ਦਾ ਕਾਰਨ ਬਣ ਸਕਦਾ ਹੈ।
7. ਕਈ ਵਾਰ ਕਿਸੇ ਤਰ੍ਹਾਂ ਦੇ ਕੀਟਾਣੂ ਜਾਂ ਵਾਇਰਲ ਵੀ ਸ਼ਰੀਰ ਵਿੱਚ ਪੀਲੀਏ ਦੀ ਬੀਮਾਰੀ ਫ਼ੈਲਾ ਸਕਦੇ ਹਨ।
ਖਾਣ-ਪੀਣ ਪ੍ਰਤੀ ਸੁਚੇਤ ਰਹਿਣ ਨਾਲ ਤੰਦਰੁਸਤੀ ਜਲਦੀ ਸੰਭਵ
ਪੀਲੀਆ ਦੀ ਮੁੱਢਲੀ ਕੰਡੀਸ਼ਨ ਵਿੱਚ ਹੀ ਮਰੀਜ਼ ਜੇ ਆਪਣੀ ਖ਼ੁਰਾਕ ਮਾਹਿਰਾਂ ਦੀ ਸਲਾਹ ਅਨੁਸਾਰ ਲਵੇ ਤਾਂ ਉਹ ਜਲਦੀ ਇਸ ਬੀਮਾਰੀ ਤੋਂ ਬਿਲਕੁਲ ਠੀਕ ਹੋ ਸਕਦਾ ਹੈ। ਮੁੱਢਲੇ ਹਾਲਾਤ ‘ਚ ਤੰਦਰੁਸਤ ਹੋਣ ਲਈ ਮਰੀਜ਼ ਨੂੰ ਜ਼ਿਆਦਾ ਦਵਾਈ ਨਹੀਂ ਦਿੱਤੀ ਜਾਂਦੀ, ਪਰ ਜੇ ਮਰੀਜ਼ ਦੇ ਖ਼ੂਨ ਵਿੱਚ ਇਨਫ਼ੈਕਸ਼ਨ ਵੱਧ ਹੋਵੇ ਤਾਂ ਮਜਬੂਰੀਵੱਸ ਡਾਕਟਰ ਨੂੰ ਦਵਾਈਆਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਪੀੜਤ ਨੂੰ ਮਿਰਚ, ਮਸਾਲੇਦਾਰ ਭੋਜਨ ਦੀ ਬਜਾਏ ਗੰਨੇ ਦਾ ਰੱਸ, ਨਿੰਬੂ ਪਾਣੀ, ਨਾਰੀਅਲ ਦਾ ਪਾਣੀ, ਮੂੰਗੀ ਦੀ ਦਾਲ ਘੱਟ ਤੋਂ ਘੱਟ ਫ਼ੈਟ ਵਾਲਾ ਦੁੱਧ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰ ਵਧੀਆ ਢੰਗ ਨਾਲ ਉਸ ਦੀ ਦੇਖ-ਭਾਲ ਕਰ ਕੇ ਉਸ ਨੂੰ ਜਲਦੀ ਹੀ ਤੰਦਰੁਸਤ ਕਰਨ ਵਿੱਚ ਡਾਕਟਰ ਦੀ ਮਦਦ ਕਰ ਸਕਦੇ ਹਨ।