ਡਿਪ੍ਰੈਸ਼ਨ ਦੀ ਸ਼ਿਕਾਰ ਰਹਿ ਚੁੱਕੀ ਹੈ ਦੀਪਿਕਾ ਪਾਦੁਕੋਣ
ਪਦਮਾਵਤੀ, ਯਾਨੀ ਅਦਾਕਾਰਾ ਦੀਪਿਕਾ ਪਾਦੁਕੋਣ ਕੌਫ਼ੀ ਵਿਦ ਕਰਨ ਦੇ ਸੀਜ਼ਨ-6 ‘ਚ ਅਦਾਕਾਰਾ ਆਲੀਆ ਭੱਟ ਨਾਲ ਨਜ਼ਰ ਆਵੇਗੀ। ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਇਸ ਸਬੰਧੀ ਇੱਕ ਤਸਵੀਰ ਵੀ ਜਨਤਕ ਕੀਤੀ ਸੀ। ਹਾਲ ਹੀ ‘ਚ ਦੀਪਿਕਾ ਨੇ ਟਵਿਟਰ ‘ਤੇ ਇੱਕ ਨਵੀਂ ਵੀਡੀਓ ਵੀ ਜਨਤਕ ਕੀਤੀ ਹੈ ਜਿਸ ‘ਚ ਉਹ ਲੋਕਾਂ ਨਾਲ ਆਪਣੇ ਡਿਪ੍ਰੈਸ਼ਨ ਦੀ ਕਹਾਣੀ ਸ਼ੇਅਰ ਕਰਨ ਦੀ ਅਪੀਲ ਕਰ ਰਹੀ ਹੈ। ਦੀਪਿਕਾ ਪਾਦੁਕੋਣ ਇਸ ਵੀਡੀਓ ‘ਚ ਦੱਸ ਰਹੀ ਹੈ ਕਿ 2014 ਵਿੱਚ ਉਹ ਖ਼ੁਦ ਡਿਪ੍ਰੈਸ਼ਨ ਦੀ ਸ਼ਿਕਾਰ ਹੋ ਗਈ ਸੀ ਜਿਸ ਦਾ ਉਸ ਨੇ ਆਪਣਾ ਇਲਾਜ ਕਰਵਾਇਆ। ਦੀਪਿਕਾ ਨੇ ਕਿਹਾ ਕਿ ਭਾਰਤ ‘ਚ 90 ਫ਼ੀਸਦੀ ਲੋਕ ਇਸ ਤਕਲੀਫ਼ ਦਾ ਇਲਾਜ ਨਹੀਂ ਕਰਵਾਉਾਂਦੇ।
ਵੀਡੀਓ ‘ਚ ਦੀਪਿਕਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਇਸ ਕਿਸਮ ਦੀ ਸਮੱਸਿਆ ਤੋਂ ਪੀੜਤ ਹੈ, ਉਹ ਬਿਨਾਂ ਝਿਜਕ ਆਪਣੀ ਕਹਾਣੀ ਉਸ ਨਾਲ ਸਾਂਝੀ ਕਰੇ। ਇਸ ਨਾਲ ਉਨ੍ਹਾਂ ਲੋਕਾਂ ਨੂੰ ਫ਼ਾਇਦਾ ਮਿਲੇਗਾ ਜੋ ਡਿਪ੍ਰੈਸ਼ਨ ‘ਚੋਂ ਗੁਜ਼ਰ ਰਹੇ ਹਨ। ਦੀਪਿਕਾ ਨੇ ਕੁੱਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਐਸਿਡ ਅਟੈਕ ਪੀੜਿਤਾ ਲਕਸ਼ਮੀ ਅਗਰਵਾਲ ਦੀ ਬਾਇਓਪਿਕ ‘ਚ ਨਜ਼ਰ ਆਵੇਗੀ। ਦੀਪਿਕਾ ਇਸ ਫ਼ਿਲਮ ਨੂੰ ਪ੍ਰੋਡਿਊਸ ਵੀ ਕਰਨ ਵਾਲੀ ਹੈ। ਇਸ ਨੂੰ ਫ਼ਿਲਮ ਰਾਜ਼ੀ ਦੀ ਡਾਇਰੈਕਟਰ ਮੇਘਨਾ ਗ਼ੁਲਜ਼ਾਰ ਡਾਇਰੈਕਟ ਕਰੇਗੀ। ਜ਼ਿਕਰਯੋਗ ਹੈ ਕਿ 2005 ਵਿੱਚ ਲਕਸ਼ਮੀ ਅਗਰਵਾਲ ਦਿੱਲੀ ਦੇ ਇੱਕ ਬਸ ਸਟੈਂਡ ‘ਤੇ ਬਸ ਦੀ ਉਡੀਕ ਕਰ ਰਹੀ ਸੀ ਕਿ ਉਸ ਉੱਪਰ ਤੇਜ਼ਾਬੀ ਹਮਲਾ ਕਰ ਦਿੱਤਾ ਗਿਆ। ਓਦੋਂ ਲਕਸ਼ਮੀ ਸਿਰਫ਼ 15 ਸਾਲ ਦੀ ਸੀ। ਇਸ ਤੋਂ ਬਾਅਦ ਲਕਸ਼ਮੀ ਦੀਆਂ ਨੌਂ ਸਰਜਰੀਆਂ ਹੋਈਆਂ। ਦੀਪਿਕਾ ਇਸ ਫ਼ਿਲਮ ਦੀ ਕਹਾਣੀ ਤੋਂ ਕਾਫ਼ੀ ਪ੍ਰਭਾਵਿਤ ਹੈ। ਸੂਤਰਾਂ ਅਨੁਸਾਰ, ਦੀਪਿਕਾ ਖ਼ੁਦ ਫ਼ਿਲਮ ‘ਚ ਲਕਸ਼ਮੀ ਦਾ ਕਿਰਦਾਰ ਨਿਭਾ ਸਕਦੀ ਹੈ।