ਫਤਿਹਾਬਾਦ— ਹਰਿਆਣਾ ‘ਚ ਰੋਡਵੇਜ਼ ਬੱਸਾਂ ਦੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ। ਵੀਰਵਾਰ ਨੂੰ ਫਤਿਹਾਬਾਦ ਰੋਡਵੇਜ਼ ਯੂਨੀਅਨਾਂ ਦੇ ਅਹੁਦਾ ਅਧਿਕਾਰੀਆਂ ਦੀ ਬੈਠਕ ਹੋਈ, ਜਿਸ ਵਿਚ ਹੜਤਾਲ ਨੂੰ 4 ਦਿਨ ਹੋਰ ਅੱਗੇ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਹੜਤਾਲ ਹੁਣ 29 ਅਕਤੂਬਰ ਤਕ ਜਾਰੀ ਰਹੇਗੀ। ਇੱਥੇ ਦੱਸ ਦੇਈਏ ਕਿ ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਖੱਟੜ ਸਰਕਾਰ ਦੀ ਪ੍ਰਤੀ ਕਿਲੋਮੀਟਰ ਸਕੀਮ ਤਹਿਤ 720 ਪ੍ਰਾਈਵੇਟ ਬੱਸਾਂ ਨੂੰ ਚਲਾਉਣ ਦੀ ਯੋਜਨਾ ਤੋਂ ਨਾਰਾਜ਼ ਹਨ। ਉਹ ਚਾਹੁੰਦੇ ਹਨ ਕਿ ਇਹ ਸਕੀਮ ਲਾਗੂ ਨਾ ਕੀਤੀ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਨਿਜੀਕਰਨ ਨੂੰ ਉਤਸ਼ਾਹ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਬੰਦ ਹੋ ਜਾਣਗੇ।
ਇਹ ਹੜਤਾਲ ਸਿਰਫ ਹਰਿਆਣਾ ਰੋਡਵੇਜ਼ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ। ਸਰਕਾਰ ਸਾਹਮਣੇ ਕਰਮਚਾਰੀਆਂ ਦੀ ਮੰਗ ਸਿਰਫ ਇਕ ਹੀ ਹੈ ਕਿ 720 ਪ੍ਰਾਈਵੇਟ ਬੱਸਾਂ ਦੇ ਪਰਮਿਟ ਸਰਕਾਰ ਵਾਪਸ ਲਵੇ ਅਤੇ ਹਰਿਆਣਾ ਰੋਡਵੇਜ਼ ਦੇ ਖੇਮੇ ਵਿਚ ਬੱਸਾਂ ਦੀ ਗਿਣਤੀ ਵਧਾਈ ਜਾਵੇ, ਤਾਂ ਕਿ ਹਰਿਆਣਾ ਦੀ ਜਨਤਾ ਨੂੰ ਬਿਹਤਰ ਅਤੇ ਸਹੂਲਤ ਮੁਤਾਬਕ ਟਰਾਂਸਪੋਰਟ ਸੇਵਾ ਉਪਲੱਬਧ ਹੋਵੇ।
ਓਧਰ ਹਰਿਆਣਾ ਵਰਕਰਜ਼ ਯੂਨੀਅਨ ਦੇ ਪ੍ਰਦੇਸ਼ ਜਨਰਲ ਸਕੱਤਰ ਸਰਬਤ ਸਿੰਘ ਪੂਨੀਆ ਨੇ ਕਿਹਾ ਕਿ ਸਰਕਾਰ ਕੋਲ ਜੇਕਰ ਰੋਡਵੇਜ਼ ਨੂੰ ਬਚਾਉਣ ਲਈ ਫੰਡ ਦੀ ਕਮੀ ਹੈ ਤਾਂ ਰੋਡਵੇਜ਼ ਦੇ ਮੁਲਾਜ਼ਮ ਆਪਣੀ ਇਕ ਦਿਨ ਦੀ ਤਨਖਾਹ ਸਰਕਾਰ ਦੇ ਖਾਤੇ ਵਿਚ ਜਮਾਂ ਕਰਵਾ ਸਕਦੇ ਹਨ, ਇੱਥੋਂ ਤਕ ਕਿ ਕਰਮਚਾਰੀ ਆਪਣੇ ਬੋਨਸ ਵੀ ਛੱਡ ਸਕਦੇ ਹਨ ਪਰ ਸਰਕਾਰ ਪਹਿਲਾਂ ਆਪਣੀ ਜ਼ਿੱਦ ਛੱਡ ਕੇ 720 ਪ੍ਰਾਈਵੇਟ ਬੱਸਾਂ ਦੇ ਪਰਮਿਟ ਦੇਣ ਦਾ ਫੈਸਲਾ ਵਾਪਸ ਲਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਹਿਮਤੀ ਨਹੀਂ ਬਣਦੀ ਇਹ ਹੜਤਾਲ ਜਾਰੀ ਰਹੇਗੀ। ਮੰਗਾਂ ਨਾ ਪੂਰੀ ਹੋਣ ਕਾਰਨ ਹੜਤਾਲ ਨੂੰ ਅਗਲੇ 4 ਦਿਨਾਂ ਲਈ ਵਧਾ ਦਿੱਤਾ ਗਿਆ ਹੈ।