ਅਦਾਕਾਰਾ ਇਲਿਆਨਾ ਡੀ’ਕਰੂਜ਼ ਭਾਰਤੀ ਸਾਈਬਰ ਸਪੇਸ ਦੇ ਮੋਸਟ ਸੈਂਸੇਸ਼ਨਲ ਸੈਲੇਬ੍ਰਿਟੀਜ਼ ਦੀ ਸੂਚੀ ‘ਚ ਮਸ਼ਹੂਰ ਕੌਮੇਡੀਅਨ ਕਪਿਲ ਸ਼ਰਮਾ ਨੂੰ ਪਛਾੜਕੇ ਸਿਖ਼ਰ ‘ਤੇ ਪਹੁੰਚ ਗਈ ਹੈ। ਮੈਕੈਫ਼ੀ ਮੋਸਟ ਸੈਂਸੇਸ਼ਨਲ ਸੈਲੇਬ੍ਰਿਟੀਜ਼ ਸਰਵੇ ਦੇ 12ਵੇਂ ਐਡੀਸ਼ਨ ਅਨੁਸਾਰ ਹੁਣ ਹੈਕਰਜ਼ ਇਲਿਆਨਾ ਦੇ ਨਾਂ ਨਾਲ ਯੂਜ਼ਰਜ਼ ਨੂੰ ਵਾਇਰਸ ਵਾਲੀਆਂ ਵੈੱਬਸਾਈਟਸ ਵੱਲ ਵੀ ਆਕਰਸ਼ਿਤ ਕਰ ਰਹੇ ਹਨ। ਇਲਿਆਨਾ ਡੀ’ਕਰੂਜ਼ ਤੋਂ ਬਾਅਦ ਇਸ ਸੂਚੀ ‘ਚ ਪ੍ਰਿਅੰਕਾ ਚੋਪੜਾ, ਦੀਪਿਕਾ ਪਾਦੂਕੋਣ, ਪ੍ਰਿਟੀ ਜ਼ਿੰਟਾ, ਤੱਬੂ, ਕ੍ਰਿਤੀ ਸੈਨਨ, ਅਦਾਕਾਰ ਅਕਸ਼ੈ ਕੁਮਾਰ, ਰਿਸ਼ੀ ਕਪੂਰ ਅਤੇ ਅਦਾਕਾਰਾ ਪਰਿਣਿਤੀ ਚੋਪੜਾ ਦੇ ਨਾਂ ਵੀ ਸ਼ਾਮਿਲ ਹਨ। ਪਰਦੇ ‘ਤੇ ਸਾਦਗੀ ਭਰੇ ਕਿਰਦਾਰ ਨਿਭਾਉਣ ਕਾਰਨ ਇਲਿਆਨਾ ਨੇ ਲੋਕਾਂ ਦੇ ਦਿਲਾਂ ‘ਚ ਆਪਣੇ ਲਈ ਖ਼ਾਸ ਥਾਂ ਬਣਾ ਲਈ ਹੈ। ਹਾਲਾਂਕਿ ਅਸਲ ਜ਼ਿੰਦਗੀ ‘ਚ ਇਲਿਆਨਾ ਬੋਲਡ ਤਸਵੀਰਾਂ ਖਿਚਵਾਉਣ ਲਈ ਜਾਣੀ ਜਾਂਦੀ ਹੈ। ਉਹ ਅਕਸਰ ਆਪਣੀਆਂ ਬੋਲਡ ਤਸਵੀਰਾਂ ਨਾਲ ਇੰਟਰਨੈੱਟ ‘ਤੇ ਛਾਈ ਰਹਿੰਦੀ ਹੈ।
ਇਸੇ ਕਾਰਨ ਹੁਣ ਹੈਕਰਜ਼ ਨੇ ਉਸ ਦੀਆਂ ਤਸਵੀਰਾਂ ਦੀ ਵਰਤੋਂ ਵਧਾ ਦਿੱਤੀ ਹੈ। ਮੈਕੈਫ਼ੀ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੀਤ ਪ੍ਰਧਾਨ ਵੈਂਕਟ ਕ੍ਰਿਸ਼ਨਾਪੁਰ ਨੇ ਕਿਹਾ, ”ਅਜੋਕੇ ਯੁੱਗ ‘ਚ ਮਨੋਰੰਜਨ ਉਦਯੋਗ ਦੀਆਂ ਹਸਤੀਆਂ ਪਹਿਲਾਂ ਨਾਲੋਂ ਜ਼ਿਆਦਾ ਵੱਡੀਆਂ ਹੋ ਚੁੱਕੀਆਂ ਹਨ। ਬਹੁਤੇ ਪ੍ਰਸ਼ੰਸਕ ਹਰ ਸਮੇਂ ਉਦਯੋਗ ਜਗਤ ਨਾਲ ਜੁੜੀਆਂ ਖ਼ਬਰਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਅਤੇ ਕੋਨੈਕਟਿਡ ਡਿਵਾਈਸਿਜ਼ ਦੀ ਮਦਦ ਨਾਲ ਆਪਣੇ ਪਸੰਦੀਦਾ ਸਿਤਾਰਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਪ੍ਰਸ਼ੰਸਕਾਂ ਲਈ ਆਸਾਨ ਹੋ ਗਈ ਹੈ। ਇਲਿਆਨਾ ਬਹੁਦ ਜਲਦੀ ਆਪਣੀ ਅਗਲੀ ਤੇਲੁਗੂ ਫ਼ਿਲਮ ਅਮਰ ਅਕਬਰ ਐਨਥਨੀ ‘ਚ ਨਜ਼ਰ ਆਵੇਗੀ। ਇਲਿਆਨਾ ਹੁਣ ਤਕ ਬੌਲੀਵੁਡ ‘ਚ ਬਰਫ਼ੀ, ਮੈਂ ਤੇਰਾ ਹੀਰੋ, ਰੁਸਤਮ, ਮੁਬਰਕਾਂ ਅਤੇ ਰੇਡ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ। ਫਿਲਮ ਰੇਡ ਨੇ ਤਾਂ ਇਲਿਆਨਾ ਦੇ ਕਰੀਅਰ ਨੂੰ ਕਾਫ਼ੀ ਉੱਚਾ ਚੁੱਕਿਆ ਹੈ।