ਬਾਜੀਰਾਓ ਸਿੰਘਮ ਵਰਗੇ ਕਿਰਦਾਰ ‘ਚ ਨਜ਼ਰ ਆਏਗਾ ਅਜੇ ਦੇਵਗਨ ਫ਼ਿਲਮ ਸਿੰਬਾ ‘ਚ …

ਇਕੱਠੇ ਨਜ਼ਰ ਆਉਣਗੇ ਸਿੰਬਾ ਤੇ ਸਿੰਘਮ
ਅੱਜ ਦੇ ਸੁਪਰਸਟਾਰ ਰਣਵੀਰ ਸਿੰਘ ਦੀ ਅਗਲੀ ਫ਼ਿਲਮ ਬੀਤੇ ਵਰ੍ਹੇ ਤੋਂ ਸੁਰਖ਼ੀਆਂ ‘ਚ ਹੈ। ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫ਼ਿਲਮ ‘ਚ ਰਣਵੀਰ ਸਿੰਘ ਪਹਿਲੀ ਵਾਰ ਇੱਕ ਪੁਲੀਸ ਅਫ਼ਸਰ ਦਾ ਕਿਰਦਾਰ ਨਿਭਾਉਾਂਦਾ ਨਜ਼ਰ ਆਵੇਗਾ। ਸੂਤਰਾਂ ਮੁਤਾਬਕ ਫ਼ਿਲਮ ਸਿੰਘਮ ‘ਚ ਪੁਲੀਸ ਅਫ਼ਸਰ ਦਾ ਕਿਰਾਦਰ ਨਿਭਾ ਕੇ ਸਾਰਿਆਂ ਦਾ ਦਿਲ ਜਿੱਤਣ ਵਾਲਾ ਅਦਾਕਾਰ ਅਜੇ ਦੇਵਗਨ ਵੀ ਇਸ ਫ਼ਿਲਮ ‘ਚ ਨਜ਼ਰ ਆਵੇਗਾ। ਅਜੈ ਆਪਣੀ ਫ਼ਿਲਮ ਸਿੰਘਮ ‘ਚ ਨਿਭਾਏ ਬਾਜੀਰਾਓ ਸਿੰਘਮ ਵਾਲੇ ਕਿਰਦਾਰ ਵਰਗਾ ਫ਼ਿਲਮ ਸਿੰਬਾ ‘ਚ ਇੱਕ ਕੈਮੀਓ ਰੋਲ ਕਰਦਾ ਨਜ਼ਰ ਆਏਗਾ। ਫ਼ਿਲਮ ਦੇ ਅਖ਼ੀਰ ‘ਚ ਇੱਕ ਖ਼ਾਸ ਸੀਨ ਸ਼ੂਟ ਕੀਤਾ ਜਾਵੇਗਾ ਜਿਸ ‘ਚ ਅਜੈ ਵੀ ਨਜ਼ਰ ਆਵੇਗਾ। ਜ਼ਿਕਰਯੋਗ ਹੈ ਕਿ ਸਿੰਬਾ ਤੇਲਗੂ ਫ਼ਿਲਮ ਟੈਂਪਰ ਦਾ ਹਿੰਦੀ ਰੀਮੇਕ ਹੈ। ਕੁੱਝ ਸੂਤਰਾਂ ਦਾ ਕਹਿਣਾ ਹੈ ਕਿ ਟੈਂਪਰ ਨਾਲੋਂ ਸਿੰਬਾ ਦੀ ਕਹਾਣੀ ਕਾਫ਼ੀ ਬਦਲੀ ਗਈ ਹੈ। ਇਸ ਫ਼ਿਲਮ ‘ਚ ਔਰਤਾਂ ਨੂੰ ਮਜ਼ਬੂਤ ਅਤੇ ਹਿੰਮਤਵਰ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਇੱਕ ਇੰਟਰਵਿਊ ‘ਚ ਰਣਵੀਰ ਨੇ ਕਿਹਾ ਹੈ ਕਿ ਰੋਹਿਤ ਸ਼ੈੱਟੀ ਅਤੇ ਬਾਕੀ ਕਾਸਟ ਨਾਲ ਕੰਮ ਕਰ ਕੇ ਉਸ ਨੂੰ ਬਹੁਤ ਚੰਗਾ ਲੱਗਾ। ਰਣਵੀਰ ਨੇ ਕਿਹਾ, ”ਮੇਰੇ ਉੱਪਰ ਥੋੜ੍ਹਾ ਦਬਾਅ ਸੀ ਕਿਉਂਕਿ ਮੈਂ ਪਹਿਲੀ ਵਾਰ ਰੋਹਿਤ ਦੇ ਨਿਰਦੇਸ਼ਨ ‘ਚ ਕਿਸੇ ਮਸਾਲਾ ਫ਼ਿਲਮ ਵਿੱਚ ਕੰਮ ਕਰ ਰਿਹਾ ਹਾਂ। ਸਿੰਬਾ ਅਜਿਹੀ ਫ਼ਿਲਮ ਹੈ ਜਿਸ ਨੂੰ ਮੈਂ ਬਚਪਨ ‘ਚ ਦੇਖਣਾ ਪਸੰਦ ਕਰਦਾ ਸੀ। ਇਸ ਫ਼ਿਲਮ ‘ਚ ਕੰਮ ਕਰਨਾ ਇਸ ਲਈ ਵੀ ਮੁਸ਼ਕਿਲ ਸੀ ਕਿਉਂਕਿ ਇਸ ‘ਚ ਮੈਨੂੰ ਕੌਮੇਡੀ, ਐਕਸ਼ਨ, ਰੋਮਾਂਸ ਅਤੇ ਡਰਾਮੇ ਨਾਲ ਮਿਲਦੀ ਜੁਲਦੀ ਅਦਾਕਾਰੀ ਕਰਨੀ ਪੈਣੀ ਸੀ। ਇਸ ਫ਼ਿਲਮ ‘ਚ ਰਣਵੀਰ ਨਾਲ ਸਾਰਾ ਅਲੀ ਖ਼ਾਨ ਜੋੜੀ ਬਣਾਏਗੀ। ਸਾਰਾ ਦੀ ਇਹ ਦੂਜੀ ਬੌਲੀਵੁਡ ਫ਼ਿਲਮ ਹੈ। ਵੈਸੇ ਉਸ ਦੀ ਪਹਿਲੀ ਬੌਲੀਵੁਡ ਫ਼ਿਲਮ ਕੇਦਾਰਨਾਥ ਸੀ ਜੋ ਅਜੇ ਰਿਲੀਜ਼ ਨਹੀਂ ਹੋਈ।