ਕਰਾਚੀ – ਪਾਕਿਸਤਾਨ ਕ੍ਰਿਕਟ ਬੋਰਡ ਨੇ ਹਾਲ ਹੀ ‘ਚ ਜਾਰੀ ਇੱਕ ਡੌਕਿਊਮੈਂਟਰੀ ‘ਚ ਰਾਸ਼ਟਰੀ ਟੀਮ ‘ਤੇ ਲਗਾਏ ਗਏ ਸਪੌਟ ਫ਼ਿਕਸਿੰਗ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਦੇ ਹੋਏ ਕਿਹਾ ਕਿ ਟੀ.ਵੀ. ਚੈਨਲ ਵਲੋਂ ਫ਼ੁਟੇਜ ਦਿੱਤੇ ਜਾਣ ਤੋਂ ਬਾਅਦ ਹੀ ਮਾਮਲੇ ਦੀ ਜਾਂਚ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅਲ ਜਜ਼ੀਰਾ ਦੀ ਨਵੀਂ ਡੌਕਿਊਮੈਂਟਰੀ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਟੀਮ ਵਿੱਚ ਚਾਰ ਕੌਮਾਂਤਰੀ ਮੈਚ ਫ਼ਿਕਸਰਜ਼ ਸਨ।
ਪੀ.ਸੀ.ਬੀ. ਨੇ ਕਿਹਾ ਕਿ ਆਈ.ਸੀ.ਸੀ. ਅਤੇ ਉਸ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਉਸ ਨੇ ਬਿਆਨ ‘ਚ ਕਿਹਾ, ”ਪ੍ਰਸਾਰਕ ਨੇ ਕੋਈ ਸਬੂਤ ਪੇਸ਼ ਨਹੀਂ ਕੀਤੇ, ਇਸ ਲਈ ਇਹ ਸਾਰੇ ਦੋਸ਼ ਬੇਬੁਨਿਆਦ ਹਨ।” ਇਸ ਤੋਂ ਪਹਿਲਾਂ ਇੱਕ ਆਜ਼ਾਦ ਕਾਨੂੰਨਸਾਜ਼ ਰਿਟਾਇਰਡ ਜੱਜ ਮਿਲਨ ਹਾਮਿਦ ਫ਼ਾਰੂਕ ਨੇ ਟੈੱਸਟ ਕ੍ਰਿਕਟਰ ਨਾਸਿਰ ਜਮਸ਼ੇਦ ‘ਤੇ ਲਗਾਏ ਗਏ 10 ਸਾਲਾਂ ਦੀ ਪਾਬੰਦੀ ਨੂੰ ਸਹੀ ਠਹਿਰਾਇਆ। ਜਮਸ਼ੇਦ ਨੂੰ ਪੀ.ਸੀ.ਬੀ. ਦੇ ਭ੍ਰਿਸ਼ਟਾਚਾਰ ਰੋਕੂ ਟ੍ਰਾਇਬਿਊਨਲ ਨੇ ਸਪੌਟ ਫ਼ਿਕਸਿੰਗ ਦਾ ਦੋਸ਼ੀ ਪਾਇਆ ਸੀ।