ਕੈਟਰੀਨਾ ਕਹਿੰਦੀ ਐ ਕਿ ਆਲੀਆ ਪਹਿਲਾਂ ਵਿਆਹ ਕਰਵਾਏ

ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਰਿਸ਼ਤਿਆਂ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਹੈ। ਇਸ ਦੇ ਬਾਵਜੂਦ ਆਲੀਆ ਤੇ ਕੈਟਰੀਨਾ ਕੈਫ਼ ਅੱਜ ਵੀ ਇੱਕ ਦੂਜੀ ਦੀਆਂ ਬੈੱਸਟ ਫ਼ਰੈਂਡਜ਼ ਹਨ। ਹਾਲਾਂਕਿ ਜਦੋਂ ਇਹ ਖ਼ਬਰ ਆਈ ਸੀ ਕਿ ਆਲੀਆ ਅਤੇ ਰਣਬੀਰ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਤਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਹੁਣ ਕੈਟਰੀਨਾ ਅਤੇ ਆਲੀਆ ਦੀ ਦੋਸਤੀ ਪਹਿਲਾਂ ਵਰਗੀ ਨਹੀਂ ਰਹੇਗੀ, ਪਰ ਦੋਹਾਂ ਨੇ ਹਰ ਮੌਕੇ ‘ਤੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੀ ਦੋਸਤੀ ਅੱਜ ਵੀ ਪਹਿਲਾਂ ਵਰਗੀ ਹੈ ਅਤੇ ਰਣਬੀਰ ਦੇ ਆਲੀਆ ਦੀ ਜ਼ਿੰਦਗੀ ਵਿੱਚ ਆਉਣ ਤੋਂ ਬਾਅਦ ਵੀ ਦੋਵਾਂ ‘ਚ ਕੋਈ ਤਕਰਾਰ ਨਹੀਂ ਹੋਈ। ਇਨ੍ਹੀਂ ਦਿਨੀਂ ਕੈਟਰੀਨਾ ਦਾ ਇੱਕ ਪੁਰਾਣਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਉਸ ਦੇ ਪ੍ਰਸ਼ੰਸਕਾਂ ਦੇ ਮਨਾਂ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਇਹ ਵੀਡੀਓ ਇੰਟਰਨੈੱਟ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕੈਟਰੀਨਾ ਦੱਸ ਰਹੀ ਹੈ ਕਿ ਉਹ ਕਿਉਂ ਚਾਹੁੰਦੀ ਹੈ ਕਿ ਆਲੀਆ ਉਸ ਤੋਂ ਪਹਿਲਾਂ ਵਿਆਹ ਕਰਵਾ ਲਵੇ। ਵੀਡੀਓ ‘ਚ ਕੈਟਰੀਨਾ ਕਹਿੰਦੀ ਹੈ ਕਿ ‘ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੀ ਹਾਂ ਕਿ ਮੇਰੀ ਇੱਛਾ ਹੈ ਕਿ ਆਲੀਆ ਪਹਿਲਾਂ ਵਿਆਹ ਕਰਵਾ ਲਵੇ। ਉਸ ਮਗਰੋਂ ਹੀ ਮੈਂ ਆਪਣੇ ਬਾਰੇ ਸੋਚਾਂਗੀ ਕਿਉਂਕਿ ਮੈਂ ਇੱਕ ਖ਼ਿਆਲ ਰੱਖਣ ਵਾਲੀ ਭੈਣ ਹਾਂ। ਜ਼ਿਕਰਯੋਗ ਹੈ ਕਿ ਆਲੀਆ ਤੋਂ ਪਹਿਲਾਂ ਰਣਬੀਰ ਕਪੂਰ ਤੇ ਕੈਟਰੀਨਾ ਵੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ।