ਕਾਂਗਰਸ : ਰਾਫੇਲ ਘਪਲੇ ਨੂੰ ਦਬਾਉਣ ਲਈ ਸੀ.ਬੀ.ਆਈ. ਨਿਦੇਸ਼ਕ ਦੀ ਜਾਸੂਸੀ ਕਰਵਾ ਰਹੀ ਹੈ ਸਰਕਾਰ

ਨਵੀਂ ਦਿੱਲੀ— ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਰਾਫੇਲ ਘਪਲੇ ਨੂੰ ਦਬਾਉਣ ਲਈ ਸੀ.ਬੀ.ਆਈ. ਨਿਦੇਸ਼ਕ ਆਲੋਕ ਵਰਮਾ ਦੀ ਜਾਸੂਸੀ ਦਾ ਸਹਾਰਾ ਲੈ ਰਹੀ ਹੈ। ਇਸ ਤੋਂ ਪਹਿਲਾਂ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਆਲੋਕ ਵਰਮਾ ਦੇ ਅਧਿਕਾਰਕ ਰਿਹਾਇਸ਼ ਦੇ ਬਾਹਰ 4 ਲੋਕਾਂ ਨੂੰ ਘੁੰਮਦੇ ਹੋਏ ਫੜ੍ਹਿਆ ਗਿਆ ਪਰ ਬਾਅਦ ‘ਚ ਪੁਲਸ ਨੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਛੱਡ ਦਿੱਤਾ। ਪੁਲਸ ਕਮੀਸ਼ਨਰ ਮਧੁਰ ਵਰਮਾ ਨੇ ਹਾਲਾਂਕਿ ਇਸ ਗੱਲ ਤੋਂ ਇਨਕਾਰ ਕੀਤਾ ਕਿ ਚਾਰ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੋਕਸਭਾ ‘ਚ ਕਾਂਗਰਸ ਦੇ ਨੇਤਾ ਮੱਲਿਕਾਅਰਜੂਨ ਖੜਗੇ ਤੇ ਪਾਰਟੀ ਦੇ ਸੀਨੀਅਰ ਨੇਤਾ ਅਭਿਸ਼ੇਕ ਸਿੰਘਵੀ ਨੇ ਇਕ ਪੱਤਰਕਾਰ ਸੰਮੇਲਨ ‘ਚ ਦੋਸ਼ ਲਗਾਇਆ ਕਿ ‘ਰਾਫੇਲ-ਓ-ਫੋਬੀਆ’ ਤੋਂ ਪੀੜਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ.ਬੀ.ਆਈ. ਦੀ ਜਾਸੂਸੀ ਤੇ ਨਿਗਰਾਨੀ ‘ਚ ਸ਼ਾਮਲ ਹਨ। ਇਨ੍ਹਾਂ ਦੋਸ਼ਾਂ ‘ਤੇ ਪ੍ਰਧਾਨ ਮੰਤਰੀ ਦਫਤਰ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਖੜਗੇ ਨੇ ਵਰਮਾ ਨੂੰ ਹਟਾਏ ਜਾਣ ‘ਤੇ ਇਤਰਾਜ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਲਿਖਿਆ।
ਖੜਗੇ ਤੇ ਸਿੰਘਵੀ ਨੇ ਦੋਸ਼ ਲਗਾਇਆ ਕਿ ਖੁਫੀਆ ਬਿਊਰੋ ”ਅਜਿਹੇ ਅਧਿਕਾਰੀਆਂ ਦੀ ਜਾਸੂਸੀ ਕਰ ਰਹੀ ਸੀ ਜੋ ਰਾਫੇਲ ਘਪਲੇ ‘ਚ ਸ਼ੱਕੀ ਲੈਣ-ਦੇਣ ਦਾ ਖੁਲਾਸਾ ਕਰਨ ਵਾਲੇ ਸਨ।” ਕਾਂਗਰਸ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਟਵਿਟਰ ‘ਤੇ ਲਿਖਿਆ, ”ਸੀ.ਬੀ.ਆਈ. ਨਿਦੇਸ਼ਕ ਨੂੰ ਰਾਤ ਨੂੰ 2 ਵਜੇ ਗੈਰ-ਕਾਨੂੰਨੀ ਤਰੀਕੇ ਨਾਲ ਹਟਾ ਦਿੱਤਾ ਗਿਆ। ਅੱਜ ਆਈ.ਬੀ. ਦੇ ਚਾਰ ਮੈਂਬਰ ਉਨ੍ਹਾਂ ਦੇ ਘਰ ਦੇ ਬਾਹਰ ਘੁੰਮਦੇ ਹੋਏ ਫੜ੍ਹੇ ਗਏ।” ਉਨ੍ਹਾਂ ਨੇ ਇਸ ਨੂੰ ਰੋਮਾਂਚਕ ਮੋੜ ਦੱਸਿਆ ਜਿਥੇ ਅਪਰਾਧ ਤੇ ਸਿਆਸਤ ਦਾ ਮੇਲਾ ਹੁੰਦਾ ਹੈ। ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੀ.ਐੱਮ. ਮੋਦੀ ‘ਤੇ ਦੋਸ਼ ਲਗਾਇਆ ਸੀ ਕਿ ਰਾਫੇਲ ਘਪਲੇ ਦੀ ਜਾਂਚ ਨੂੰ ਰੋਕਣ ਲਈ ਵਰਮਾ ਨੂੰ ਹਟਾਇਆ ਗਿਆ। ਵਿੱਤ ਮੰਤਰੀ ਅਰੂਣ ਜੇਤਲੀ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕੀਤਾ ਹੈ।