ਬਰਗਾੜੀ ਮੋਰਚੇ ਸਬੰਧੀ ਸਿੱਖ ਜਥੇਬੰਦੀਆਂ ਦੇ ਵਫਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ— ਬਰਗਾੜੀ ਇਨਸਾਫ ਮੋਰਚੇ ਦੀਆਂ ਮੰਗਾਂ ਦੇ ਸਮਰਥਨ ‘ਚ ਇਕ ਉੱਚ ਪੱਧਰੀ ਵਫਦ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਦੇ ਹੋਏ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਉਣ ਦੀ ਮੰਗ ਕੀਤੀ। ਬਰਗਾੜੀ ਮੋਰਚੇ ਬਾਰੇ ਰਾਜਪਾਲ ਨੂੰ ਜਾਣੂੰ ਕਰਵਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਰਗਾੜੀ ਮੋਰਚਾ ਪੰਜਾਬ ਦੀ ਅਮਨ ਸ਼ਾਂਤੀ ਲਈ ਖਤਰਾ ਨਹੀਂ ਹੈ, ਸਗੋਂ ਇਹ ਮੋਰਚਾ ਸੂਬੇ ਦੇ ਹਿੱਤਾਂ ਦੀ ਗੱਲ ਕਰਦਾ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਲਜ਼ਾਮ ਲਗਾਏ ਸਨ ਕਿ ਬਰਗਾੜੀ ਮੋਰਚੇ ਦੇ ਕਾਰਨ ਅਮਨ ਸ਼ਾਂਤੀ ਭੰਗ ਹੋ ਰਹੀ ਹੈ ਅਤੇ ਬਰਗਾੜੀ ਮੋਰਚੇ ਨੂੰ ਆਈ. ਐੱਸ. ਆਈ. ਏਜੰਟ ਦੱਸਿਆ ਗਿਆ ਸੀ, ਜਿਸ ਦੇ ਸਬੰਧ ‘ਚ ਅੱਜ ਬਰਗਾੜੀ ਮੋਰਚੇ ‘ਤੇ ਬੈਠੀਆਂ ਸਿੱਖ ਜਥੇਬੰਦੀਆਂ ਵੱਲੋਂ ਰਾਜਪਾਲ ਨੂੰ ਮਿਲ ਕੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਧਰਮਵੀਰ ਗਾਂਧੀ ਨੇ ਕਿਹਾ ਕਿ ਬਰਗਾੜੀ ਮੋਰਚੇ ਦਾ ਅੱਤਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਮੋਰਚਾ ਸੂਬੇ ਦੇ ਹਿੱਤਾਂ ਦੀ ਗੱਲ ਕਰਦਾ ਹੈ।
ਇਸ ਮੌਕੇ ਬੀਰ ਦਵਿੰਦਰ ਸਿੰਘ, ਸੁੱਚਾ ਸਿੰਘ ਛੋਟੇਪੁਰ ਆਦਿ ਨੇ ਕਿਹਾ ਕਿ ਅੱਜ ਬਰਗਾੜੀ ਮੋਰਚੇ ਨੂੰ 145 ਦਿਨ ਹੋ ਗਏ ਹਨ ਪਰ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੇ ਲੋਕ ਐੱਫ. ਆਈ. ਆਰ. ‘ਚ ਨਾਮਜ਼ਦ ਕੀਤੇ ਗਏ ਹਨ, ਉਨ੍ਹਾਂ ਨੂੰ ਵੀ ਸਾਜਿਸ਼ ਦੇ ਤਹਿਤ ਖੁੱਲ੍ਹਾ ਸਮਾਂ ਦਿੱਤਾ ਗਿਆ ਤਾਂ ਕਿ ਉਹ ਹਾਈਕੋਰਟ ਜਾ ਕੇ ਆਪਣੀਆਂ ਜ਼ਮਾਨਤਾਂ ਲੈ ਲੈਣ। ਉਨ੍ਹਾਂ ਨੇ ਕਿਹਾ ਕਿ ਬਰਗਾੜੀ ਮੋਰਚਾ ਅਮਨ ਸ਼ਾਂਤੀ ਨਾਲ ਚੱਲ ਰਿਹਾ ਹੈ ਅਤੇ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਇਨਸਾਫ ਨਹੀਂ ਦਿੱਤਾ ਜਾਂਦਾ। ਇਸ ਮੌਕੇ ਬਲਵਿੰਦਰ ਬੈਂਸ, ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਸਮੇਤ ਕਈ ਸਿੱਖ ਜਥੇਬੰਦੀਆਂ ਮੌਜੂਦ ਸਨ।
ਇਸ ਮੌਕੇ ਵਫਦ ਨੇ ਸਿੱਧੇ ਤੌਰ ‘ਤੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਮੈਧ ਸੈਣੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਬਰਗਾੜੀ ਕਾਂਡ ਲਈ ਇਹ ਤਿੰਨੋਂ ਦੋਸ਼ੀ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਜਲਦ ਤੋਂ ਜਲਦ ਇਨ੍ਹਾਂ ਨੂੰ ਜੇਲ ‘ਚ ਬੰਦ ਕੀਤਾ ਜਾਵੇ। ਉਨ੍ਹਾਂ ਨੇ ਬਰਗਾੜੀ ਮੋਰਚੇ ‘ਤੇ ਆਉਣ ਲਈ ਰਾਜਪਾਲ ਨੂੰ ਵੀ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਜੇਲਾਂ ਤੋਂ ਰਿਹਾਅ ਕੀਤਾ ਜਾਵੇ। ਰਾਜਪਾਲ ਨੂੰ ਮੰਗ ਕਰਦੇ ਹੋਏ ਉਨ੍ਹਾਂ ਨੇ ਕਿਹਾ ਪਾਲੀਟਿਕਲ ਲੋਕ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਲਈ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਜਾਵੇ।