ਜੈਪੁਰ— ਭਾਜਪਾ ਦੇ ਰਾਸ਼ਟਰੀ ਬੁਲਾਰਾ ਸੁਧਾਂਸ਼ੁ ਤ੍ਰਿਵੇਦੀ ਨੇ ਬੁੱਧਵਾਰ ਨੂੰ ਕਾਂਗਰਸ ‘ਤੇ ਸਿਆਸੀ ਲਾਭ ਲਈ ਤੀਜੀ ਸ਼੍ਰੇਣੀ ਦੇ ਅਧਿਆਪਕਾਂ ਦੀ ਨਿਯੁਕਤੀ ‘ਚ ਅੜਿੱਕਾ ਪੈਦਾ ਕਰਨ ਦਾ ਦੋਸ਼ ਲਗਾਇਆ। ਤ੍ਰਿਵੇਦੀ ਨੇ ਪੱਤਰਕਾਰਾਂ ਨੂੰ ਕਿਹਾ, ”ਨਿਯੁਕਤੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਨਤੀਜੇ ਐਲਾਨ ਕੀਤੇ ਜਾ ਚੁੱਕੇ ਹਨ ਤੇ ਨਿਯੁਕਤ ਕੀਤੇ ਉਮੀਦਵਾਰਾਂ ਨੂੰ ਸਿਰਫ ਨਿਯੁਕਤੀ ਪੱਤਰ ਜਾਰੀ ਕੀਤਾ ਜਾਣਾ ਹੈ ਪਰ ਤਕੀਨੀਕੀ ਤੇ ਨਿਆਇਕ ਮੁੱਦਿਆਂ ਨੂੰ ਲੈ ਕੇ ਕਾਂਗਰਸ ਨੇ ਸਿਆਸੀ ਲਾਭ ਲਈ ਚੋਣ ਕਮਿਸ਼ਨ ਨੂੰ ਨਿਯੁਕਤੀ ਪ੍ਰਕਿਰਿਆ ਰੋਕਣ ਲਈ ਪੱਤਰ ਲਿਖਿਆ ਹੈ।”
ਉਨ੍ਹਾਂ ਕਿਹਾ ਕਿ 26000 ਤੀਜੀ ਸ਼੍ਰੇਣੀ ਦੇ ਅਧਿਆਪਕਾਂ ਦੀ ਨਿਯੁਕਤੀ ਪ੍ਰਕਿਰਿਆ ਫਰਵਰੀ ‘ਚ ਪੂਰੀ ਕਰ ਲਈ ਗਈ ਸੀ। ਨਿਯੁਕਤੀ ਪ੍ਰਕਿਰਿਆ ‘ਚ ਕੁਝ ਤਕਨੀਕੀ ਮੁੱਦਿਆਂ ਨੂੰ ਲੈ ਕੇ ਮਾਮਲਾ ਅਦਾਲਤ ‘ਚ ਚਲਾ ਗਿਆ। ਅਦਾਲਤ ਨੇ ਰਾਜਸਥਾਨ ਸਰਕਾਰ ਦਾ ਪੱਖ ਜਾਨਣ ਤੋਂ ਬਾਅਦ ਇਸ ਸਾਲ ਮਈ ਤਕ ਨਿਯੁਕਤੀ ਪ੍ਰਕਿਰਿਆ ਪੂਰੀ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਧਿਆਪਕਾਂ ਦੀ ਨਿਯੁਕਤੀ ਪ੍ਰਕਿਰਿਆ ਨੂੰ ਸਹੀ ਤਰੀਕੇ ਨਾਲ ਪੂਰਾ ਨਹੀਂ ਕਰਨ ਦੇਣਾ ਚਾਹੁੰਦੀ ਹੈ ਤੇ ਉਸ ਦਾ ਇਹ ਰਵੱਈਆ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਹੈ।