ਅੰਮ੍ਰਿਤਸਰ — ਅੰਮ੍ਰਿਤਸਰ ਦੇ ਸਿਟੀ ਸੈਂਟਰ ਗੁਰੂ ਨਾਨਕ ਆਡੀਟੋਰੀਅਮ ‘ਚ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਪ੍ਰੋਗਰਾਮ ਦਾ ਆਯੋਜਨ ਐੱਸ. ਸੀ./ ਐੱਸ. ਟੀ. ਦੇ ਸਾਬਕਾ ਚੇਅਰਮੈਨ ਅਤੇ ਐੱਮ. ਐੱਲ. ਏ. ਡਾ. ਰਾਜਕੁਮਾਰ ਵੇਰਕਾ ਦੀ ਅਗਵਾਈ ‘ਚ ਕਰਵਾਇਆ ਗਿਆ। ਇਸ ਸਮਾਗਮ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਚੇਚੇ ਤੌਰ ‘ਤੇ ਪਹੁੰਚੇ ਸਨ। ਸਮਾਗਮ ਦੀ ਸ਼ੁਰੂਆਤ ‘ਚ ਅੰਮ੍ਰਿਤਸਰ ‘ਚ ਬੀਤੇ ਦਿਨੀਂ ਵਾਪਰੇ ਦਰਦਨਾਕ ਰੇਲ ਹਾਦਸੇ ‘ਚ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ ਗਿਆ। ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਦੇ ਮੇਰੇ ‘ਤੇ ਕਈ ਅਹਿਸਾਨ ਹਨ ਅਤੇ ਰੇਲ ਹਾਦਸੇ ਦੇ ਪੀੜਤਾਂ ਦੀ ਉਹ ਆਪਣੇ ਬੱਚਿਆਂ ਵਾਂਗ ਦੇਖ-ਭਾਲ ਕਰਨਗੇ।
ਸਿੱਧੂ ਨੇ ਸਮਾਗਮ ‘ਚ ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਆਡੀਟੋਰੀਅਮ ਬਣਾਉਣ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਉੱਪਰ ਚੁੱਕਣ ਲਈ ਉਹ ਵਚਨਬੱਧ ਹਨ। ਇਸ ਦੌਰਾਨ ਉਨ੍ਹਾਂ ਅਕਾਲੀ ਦਲ ਦੀਆਂ ਇਕ-ਇਕ ਕਰਕੇ ਡਿੱਗ ਰਹੀਆਂ ਵਿਕਟਾਂ ‘ਤੇ ਵੀ ਨਿਸ਼ਾਨਾ ਸਾਧਿਆ। ਬ੍ਰਹਮਪੁਰਾ ਵੱਲੋਂ ਦਿੱਤੇ ਗਏ ਅਸਤੀਫਾ ‘ਤੇ ਬੋਲਦੇ ਹੋਏ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ ਅਤੇ ਇਸ ਦੀ ਲਿਸਟ ਅਜੇ ਬਹੁਤ ਲੰਬੀ ਹੈ। ਇਥੇ ਦੱਸ ਦੇਈਏ ਕਿ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਪੂਰਬ ਅੱਜ ਪੂਰੇ ਦੇਸ਼ ‘ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।