ਰਾਣਾ ਕੇਪੀ ਸਿੰਘ ਦੇ ਵਿਦੇਸ਼ ਮੰਤਰੀ ਨੂੰ ਪੱਤਰ ਨੇ ਦੋ ‘ਆਪ’ ਵਿਧਾਇਕਾਂ ਲਈ ਖੋਲ੍ਹੇ ਕੈਨੇਡਾ ਦੇ ਬੂਹੇ

ਵਿਦੇਸ਼ ਮੰਤਰੀ ਨੇ ਸਪੀਕਰ ਨੂੰ ਪੱਤਰ ਲਿਖ ਕੇ ਦਿੱਤੀ ਜਾਣਕਾਰੀ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਦੋ ਮੈਂਬਰਾਂ ਸ. ਕੁਲਤਾਰ ਸਿੰਘ ਸੰਧਵਾਂ ਅਤੇ ਸ. ਅਮਰਜੀਤ ਸਿੰਘ ਸੰਦੋਆ, ਜਿਨ੍ਹਾਂ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਇਸ ਸਾਲ 21 ਜੁਲਾਈ ਨੂੰ ਓਟਵਾ ਹਵਾਈ ਅੱਡੇ ‘ਤੇ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਦਿੱਤੀ ਸੀ, ਲਈ ਕੈਨੇਡਾ ਦੇ ਮੁੜ ਦਰਵਾਜ਼ੇ ਖੁੱਲ੍ਹ ਗਏ ਹਨ। ਇਹ ਜਾਣਕਾਰੀ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਿਖੇ ਪੱਤਰ ਵਿੱਚੋਂ ਮਿਲੀ ਹੈ।
ਦੱਸਣਯੋਗ ਹੈ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਇਨ੍ਹਾਂ ਵਿਧਾਇਕਾਂ ਨਾਲ ਕਥਿਤ ਬੁਰੇ ਵਿਹਾਰ ਉਤੇ ਚਿੰਤਾ ਜ਼ਾਹਿਰ ਕਰਦਿਆਂ ਸਪੀਕਰ ਰਾਣਾ ਕੇਪੀ ਸਿੰਘ ਨੇ 25 ਜੁਲਾਈ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਕਾਰਵਾਈ ਮੰਗੀ ਸੀ।
ਸਪੀਕਰ ਨੂੰ ਭੇਜੇ ਪੱਤਰ ਵਿੱਚ ਵਿਦੇਸ਼ ਮੰਤਰੀ ਨੇ ਲਿਖਿਆ ਕਿ ਓਟਵਾ ਵਿੱਚ ਭਾਰਤੀ ਹਾਈ ਕਮਿਸ਼ਨ ਵੱਲੋਂ ਇਸ ਮਾਮਲੇ ਨੂੰ ਕੈਨੇਡਾ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਹੈ ਅਤੇ ਕੈਨੇਡੀਅਨ ਆਵਾਸ ਅਧਿਕਾਰੀਆਂ ਦੇ ਇਸ ਵਿਹਾਰ ਦੇ ਕਾਰਨਾਂ ਅਤੇ ਹਾਲਾਤ ਬਾਰੇ ਜਾਣਕਾਰੀ ਮੰਗੀ ਗਈ ਸੀ।
ਉਨ੍ਹਾਂ ਨੇ ਅੱਗੇ ਲਿਖਿਆ, ‘ਮੈਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੇ ਸਾਡੇ ਓਟਵਾ ਵਿਚਲੇ ਮਿਸ਼ਨ ਨੂੰ ਦੱਸਿਆ ਹੈ ਕਿ ਨਿੱਜਤਾ ਸਬੰਧੀ ਕਾਨੂੰਨ ਕਾਰਨ ਉਹ ਇਸ ਮਾਮਲੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸ. ਕੁਲਤਾਰ ਸਿੰਘ ਅਤੇ ਸ. ਅਮਰਜੀਤ ਸਿੰਘ ਭਵਿੱਖ ਵਿੱਚ ਕੈਨੇਡਾ, ਜੇਕਰ ਉਹ ਜਾਣਾ ਚਾਹੁੰਦੇ ਹੋਣ, ਜਾਣ ਦੇ ਯੋਗ ਹਨ।’ ਉਨ੍ਹਾਂ ਕਿਹਾ, ‘ਅਸੀਂ ਕੈਨੇਡਾ ਸਰਕਾਰ ਨਾਲ ਅਜਿਹੇ ਮਸਲੇ ਵਿਚਾਰ ਰਹੇ ਹਾਂ ਤਾਂ ਜੋ ਭਵਿੱਖ ਵਿੱਚ ਮੁੜ ਅਜਿਹਾ ਨਾ ਹੋਵੇ। ਤੁਹਾਨੂੰ ਵੀ ਮੈਂ ਬੇਨਤੀ ਕਰ ਰਹੀ ਹਾਂ ਕਿ ਭਵਿੱਖ ਵਿੱਚ ਵਿਧਾਇਕਾਂ ਵੱਲੋਂ ਵਿਦੇਸ਼ ਦੌਰੇ ਸਮੇਂ ਭਾਰਤ ਸਰਕਾਰ ਦੇ ਵਿਦੇਸ਼ ਦੌਰਿਆਂ ਬਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤੋਂ ਇਲਾਵਾ ਕੈਨੇਡਾ ਵਿੱਚ ਸਾਡੇ ਮਿਸ਼ਨ ਨੂੰ ਇਸ ਬਾਰੇ ਅਗਾਊਂ ਜਾਣਕਾਰੀ ਦੇਣੀ ਯਕੀਨੀ ਬਣਾਈ ਜਾਵੇ।’
ਇਸ ਮਾਮਲੇ ਵਿੱਚ ਹਾਂ-ਪੱਖੀ ਪਹੁੰਚ ਅਤੇ ਸੁਹਿਰਦ ਯਤਨਾਂ ਲਈ ਵਿਦੇਸ਼ ਮੰਤਰੀ ਦਾ ਧੰਨਵਾਦ ਕਰਦਿਆਂ ਸਪੀਕਰ ਰਾਣਾ ਕੇਪੀ ਸਿੰਘ ਨੇ ਸਾਰੇ ਵਿਧਾਇਕਾਂ ਨੂੰ ਵਿਦੇਸ਼ ਜਾਣ ਸਮੇਂ ਵਿਦੇਸ਼ ਮੰਤਰਾਲੇ ਤੋਂ ਰਾਜਸੀ ਮਨਜ਼ੂਰੀ ਹਾਸਲ ਕਰਨ ਅਤੇ ਵਿਦੇਸ਼ ਵਿੱਚ ਭਾਰਤੀ ਮਿਸ਼ਨ ਨੂੰ ਅਗਾਊਂ ਜਾਣਕਾਰੀ ਦੇਣ ਤੋਂ ਇਲਾਵਾ ਪੁਨਰ-ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।