ਨਵੀਂ ਦਿੱਲੀ— ਦਿੱਲੀ ਸਰਕਾਰ ਦੇ ਪੈਟਰੋਲ-ਡੀਜ਼ਲ ‘ਤੇ ਵੈਟ ਘਟਾਉਣ ਤੋਂ ਇਨਕਾਰ ਕਰਨ ਦੇ ਵਿਰੋਧ ‘ਚ ਅੱਜ ਰਾਸ਼ਟਰੀ ਰਾਜਧਾਨੀ ਦੇ 400 ਪੈਟਰੋਲ ਪੰਪ ਅਤੇ ਉਨ੍ਹਾਂ ਨਾਲ ਜੁੜੇ ਸੀ.ਐੱਨ.ਜੀ. ਪੰਪ ਬੰਦ ਰਹਿਣਗੇ। ਦਿੱਲੀ ਪੈਟਰੋਲ ਡੀਲਰਜ਼ ਐਸੋਸੀਏਸ਼ਨ(ਡੀ.ਪੀ.ਡੀ.ਏ.) ਨੇ ਬੰਦ ਦਾ ਐਲਾਨ ਕੀਤਾ ਹੈ। ਇਸ ਸਿਲਸਿਲੇ ‘ਚ ਰਾਜ ਦੇ ਸੀ.ਐੱਮ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਚਲਾ ਰਹੀ ਪਾਰਟੀ ਭਾਜਪਾ ‘ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਨੇ ਪੈਟਰੋਲ ਵਾਲਿਆਂ ਨੂੰ ਧਮਕੀ ਦਿੱਤੀ ਹੈ ਜੋ ਅੱਜ ਹੜਤਾਲ ਨਹੀਂ ਕਰੇਗਾ, ਉਸ ‘ਤੇ ਆਮਦਨ ਟੈਕਸ ਦੀ ਰੇਡ ਕਰਵਾਈ ਜਾਵੇਗੀ। ਕੇਜਰੀਵਾਲ ਨੇ ਇਸ ਦੇ ਲਈ ਭਾਜਪਾ ਤੋਂ ਮੁਆਫੀ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ ਪੈਟਰੋਲ ‘ਤੇ ਮੋਦੀ ਜੀ ਨੇ ਟੈਕਸ ਲਗਾਇਆ ਹੈ, ਅਸੀਂ ਨਹੀਂ ਲਗਾਇਆ। ਮੋਦੀ ਜੀ ਟੈਕਸ ਘੱਟ ਕਰਨ ਅਤੇ ਜਨਤਾ ਨੂੰ ਰਾਹਤ ਦੇਣ। ਅਸੀਂ ਮੰਗ ਕਰਦੇ ਹਾਂ ਕਿ ਪੈਟਰੋਲ-ਡੀਜ਼ਲ ਨੂੰ ਜੀ.ਐੱਸ.ਟੀ. ਦੇ ਦਾਇਰੇ ‘ਚ ਲਿਆਇਆ ਜਾਵੇ। ਕੇਂਦਰ ਸਰਕਾਰ ਪੈਟਰੋਲ-ਡੀਜ਼ਲ ਨੂੰ ਜੀ.ਐੱਸ.ਟੀ.’ਚ ਕਿਉਂ ਨਹੀਂ ਲਿਆ ਰਹੀ?
ਦਿੱਲੀ ਦੇ ਸੀ.ਐੱਮ ਨੇ ਲਿਖਿਆ ਕਿ ਚਾਰ ਮਹਾਨਗਰਾਂ ਦੀ ਤੁਲਨਾ ‘ਚ ਦਿੱਲੀ ‘ਚ ਤੇਲ ਦੀਆਂ ਕੀਮਤਾਂ ਸਭ ਤੋਂ ਘੱਟ ਹਨ। ਮੁੰਬਈ ਜਿੱਥੇ ਤੇਲ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਹਨ, ਉਥੇ ਹੀ ਪੈਟਰੋਲ ਪੰਪ ਹੜਤਾਲ ‘ਤੇ ਕਿਉਂ ਨਹੀਂ ਹਨ?