ਨਵੀਂ ਦਿੱਲੀ-ਦੇਸ਼ ਦੇ ਕਈ ਰਾਜਾਂ ‘ਚ ਵਿਧਾਨ ਸਭਾ ਦੀਆ ਚੋਣਾਂ ਤੇਜ਼ੀ ਨਾਲ ਨੇੜੇ ਆ ਰਹੀਆਂ ਹਨ ਅਤੇ ਇਸ ਦੇ ਨਾਲ ਅਗਲੇ ਸਾਲ ‘ਚ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਉੱਥਲ-ਪੁੱਥਲ ਹੋਰ ਵੀ ਤੇਜ਼ ਹੋ ਗਈ ਹੈ। ਇਸੇ ਦੌਰਾਨ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਚੋਣਾਂ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਦੇ ਤੌਰ ‘ਤੇ ਨਹੀਂ ਪੇਸ਼ ਕਰੇਗੀ। ਇਸ ਦੇ ਨਾਲ ਚਿਦੰਬਰਮ ਨੇ ਵੀ ਇਹ ਸਾਫ ਕਿਹਾ ਹੈ ਕਿ ਰਾਹੁਲ ਗਾਂਧੀ ਹੀ ਨਹੀਂ ਕਾਂਗਰਸ ਦਾ ਹੋਰ ਕੋਈ ਵੀ ਵਿਅਕਤੀ ਨੂੰ ਦਾਅਵੇਦਾਰੀ ਲਈ ਐਲਾਨ ਨਹੀਂ ਕਰੇਗੀ।
ਇਸ ਦੌਰਾਨ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਇਹ ਵੀ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ‘ਚ ਖੇਤਰੀ ਪਾਰਟੀਆਂ ਨੇ ਰਾਸ਼ਟਰੀ ਪਾਰਟੀਆਂ ਦੇ ਵੋਟ ਬੈਂਕ ‘ਚ ਸੰਨ੍ਹ ਲਗਾ ਕੇ ਆਪਣੀ ਸਥਿਤੀ ਕਾਫੀ ਮਜ਼ਬੂਤ ਕਰ ਲਈ ਹੈ ਅਤੇ ਹੁਣ ਬੀ. ਜੇ. ਪੀ. ਨੂੰ ਬਾਹਰ ਕਰਨ ਦੇ ਲਈ ਪਾਰਟੀ ਖੇਤਰੀ ਪਾਰਟੀਆਂ ਨਾਲ ਗਠਬੰਧਨ ਬਣਾਉਣ ‘ਤੇ ਜ਼ੋਰ ਦੇਵੇਗੀ।
ਪੀ. ਚਿਦੰਬਰਮ ਨੇ ਕਿਹਾ ਹੈ ਕਿ ਅਸੀਂ ਬੀ. ਜੇ. ਪੀ. ਨੂੰ ਬਾਹਰ ਦੇਖਣਾ ਚਾਹੁੰਦੇ ਹਾਂ ਅਤੇ ਇਸ ਦੀ ਜਗ੍ਹਾਂ ‘ਤੇ ਇਕ ਅਜਿਹੀ ਸਰਕਾਰ ਬਣਾਉਣਾ ਚਾਹੁੰਦੇ ਹਾਂ, ਜੋ ਕਿ ਪ੍ਰਗਤੀਸ਼ੀਲ ਹੋਵੇ, ਲੋਕਾਂ ਦੀ ਸੁਤੰਤਰਤਾ ਦਾ ਸਨਮਾਨ ਕਰਦੀ ਹੋਵੇ, ਭਾਰੀ ਟੈਕਸ ਤੋਂ ਲੋਕਾਂ ‘ਚ ਤਣਾਅ ਨਾ ਪੈਦਾ ਕਰਦੀ ਹੋਵੇ, ਔਰਤਾਂ ਅਤੇ ਬੱਚਿਆਂ ਨੂੰ ਸੁਰੱਖਿਆ ਦੇ ਸਕੇ ਅਤੇ ਕਿਸਾਨਾਂ ਦੀ ਸਥਿਤੀ ‘ਚ ਸੁਧਾਰ ਕਰ ਸਕੇ। ਉਨ੍ਹਾਂ ਨੇ ਕਿਹਾ ਅਸੀਂ ਗਠਬੰਧਨ ਚਾਹੁੰਦੇ ਹਾਂ ਅਤੇ ਉਸ ਤੋਂ ਬਾਅਦ ਹੀ ਮਿਲ-ਜੁਲ ਕੇ ਪੀ. ਐੱਮ. ਉਮੀਦਵਾਰ ਦਾ ਨਾਂ ਤੈਅ ਕੀਤਾ ਜਾਵੇਗਾ।