ਭਰੂਚ— ਗੁਜਰਾਤ ਦੇ ਭਰੂਚ ਜ਼ਿਲੇ ਦੇ ਨੇਤਰਾਂਗ ਤਾਲੁਕਾ ਦੇ ਇਕ ਪਿੰਡ ਤੋਂ ਪੁਲਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਗਿਣਤੀ ‘ਚ 200, 500 ਅਤੇ 2,000 ਰੁਪਏ ਦੇ ਨਕਲੀ ਨੋਟ ਅਤੇ ਕੁਝ ਹਥਿਆਰ ਬਰਾਮਦ ਕੀਤੇ ਹਨ। ਗੁਪਤ ਸੂਚਨਾ ਦੇ ਆਧਾਰ ‘ਤੇ ਮਕਾਨ ਵਿਚ ਛਾਪੇਮਾਰੀ ਕੀਤੀ, ਜਿਸ ਵਿਚ ਰਹਿਣ ਵਾਲੇ ਮੂਲ ਬੋਟਾਦ ਵਾਸੀ ਚਾਚਾ-ਭਤੀਜਾ ਕੋਲੋਂ ਕੁੱਲ 17 ਲੱਖ 36 ਹਜ਼ਾਰ 700 (200 ਦੇ 746 ਨੋਟ, 500 ਦੇ 75 ਨੋਟ ਅਤੇ 2,000 ਦੇ 775) ਨਕਲੀ ਨੋਟ ਮਿਲੇ ਹਨ। ਮਿਲੇ ਨੋਟ ਚੰਗੀ ਗੁਣਵੱਤਾ ਵਾਲੇ ਨਹੀਂ ਹਨ। ਇਨ੍ਹਾਂ ਨੂੰ ਬਣਾਉਣ ਲਈ ਪ੍ਰਿੰਟਰ ਅਤੇ ਹੋਰ ਯੰਤਰਾਂ ਤੋਂ ਇਲਾਵਾ ਉੱਥੋਂ 4 ਪਿਸਤੌਲਾਂ ਅਤੇ 8 ਕਾਰਤੂਸ ਵੀ ਮਿਲੇ ਹਨ। ਇਕ ਲੱਖ ਰੁਪਏ ਦੀ ਅਸਲੀ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਦੋਵੇਂ ਜਾਲਸਾਜ਼ ਇਨ੍ਹਾਂ ਨੋਟਾਂ ਨੂੰ ਆਲੇ-ਦੁਆਲੇ ਦੇ ਘੱਟ ਪੜ੍ਹੇ-ਲਿਖੇ, ਆਦਿਵਾਸੀ ਅਤੇ ਬਜ਼ੁਰਗ ਲੋਕਾਂ ਨੂੰ ਝਾਂਸਾ ਦੇ ਕੇ ਦੇਣ ਦਾ ਕੰਮ ਕਰਦੇ ਸਨ। ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੂਬਾ ਪੁਲਸ ਦੇ ਅੱਤਵਾਦ ਰੋਕੂ ਦਸਤੇ ਨੇ ਕੱਲ ਭਾਵ ਸ਼ੁੱਕਰਵਾਰ ਨੂੰ ਵੀ ਜੂਨਾਗੜ੍ਹ ਤੋਂ ਇਕ ਵਿਅਕਤੀ ਨੂੰ ਫੜ ਕੇ ਉਸ ਕੋਲੋਂ 500 ਅਤੇ 2,000 ਦੇ ਬਿਲਕੁੱਲ ਅਸਲੀ ਵਾਂਗ ਦਿੱਸਣ ਵਾਲੇ 1 ਲੱਖ 52 ਹਜ਼ਾਰ ਦੇ ਨਕਲੀ ਨੋਟ ਬਰਾਮਦ ਕੀਤੇ ਸਨ। ਪੁਲਸ ਨੇ ਦੱਸਿਆ ਕਿ ਭਰੂਚ ਵਿਚ ਫੜੇ ਗਏ ਨੋਟ ਉਸ ਤਰ੍ਹਾਂ ਦੇ ਨਹੀਂ ਹਨ ਅਤੇ ਪ੍ਰਿੰਟਰ ਜ਼ਰੀਏ ਬਣਾਏ ਗਏ ਹਲਕੀ ਗੁਣਵੱਤਾ ਅਤੇ ਆਸਾਨੀ ਨਾਲ ਪਛਾਣ ਵਿਚ ਆ ਜਾਣ ਵਾਲੇ ਹਨ।