ਸ੍ਰੀ ਆਨੰਦਪੁਰ ਸਾਹਿਬ— ਅੰਮ੍ਰਿਤਸਰ ‘ਚ ਵਾਪਰੇ ਟਰੇਨ ਹਾਦਸੇ ‘ਤੇ ਅਕਾਲੀ ਆਗੂ ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਡੂੰਘਾ ਦੁੱਖ ਜ਼ਾਹਰ ਕੀਤਾ। ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਹੈ। ਉਨ੍ਹਾਂ ਨੇ ਇਸ ਹਾਦਸੇ ‘ਚ ਰੇਲਵੇ ਵਿਭਾਗ ਦੀ ਵੱਡੀ ਲਾਪਰਵਾਹੀ ਦੱਸਦੇ ਹੋਏ ਕਿਹਾ ਕਿ ਰੇਲੇਵ ਵਿਭਾਗ ਵੱਲੋਂ 70 ਸਾਲਾਂ ‘ਚ ਆਬਾਦੀ ਵਾਲੀਆਂ ਥਾਵਾਂ ‘ਤੇ ਕੋਈ ਅਜਿਹਾ ਬੰਦੋਬੰਸਤ ਨਹੀਂ ਕੀਤਾ ਗਿਆ, ਜਿੱਥੇ ਅਜਿਹੇ ਹਾਦਸਿਆਂ ਤੋਂ ਬਚਾਅ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਜੇਕਰ ਰੇਲਵੇ ਵਿਭਾਗ ਅਤੇ ਪ੍ਰਸ਼ਾਸਨ ਨੂੰ ਪਤਾ ਸੀ ਕਿ ਜੌੜਾ ਫਾਟਕ ਨੇੜੇ ਦੁਸਹਿਰੇ ਵਾਲੇ ਦਿਨ ਇੰਨਾ ਵੱਡਾ ਇਕੱਠ ਹੋਣਾ ਹੈ ਤਾਂ ਸੁਰੱਖਿਆ ਦੇ ਪੂਰੀ ਤਰ੍ਹਾਂ ਨਾਲ ਬੰਦੋਬਸਤ ਕਰਨੇ ਚਾਹੀਦੇ ਸਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਦਸਿਆਂ ਤੋਂ ਰੇਲ ਵਿਭਾਗ ਨੂੰ ਸਬਕ ਸਿੱਖਣਾ ਚਾਹੀਦਾ ਹੈ।