ਅੰਮ੍ਰਿਤਸਰ – ਅੰਮ੍ਰਿਤਸਰ ਵਿਚ ਅੱਜ ਵਾਪਰੇ ਵੱਡੇ ਰੇਲ ਹਾਦਸੇ ਵਿਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੁਸਹਿਰਾ ਮਨਾ ਰਹੇ ਲੋਕਾਂ ਨੂੰ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੀ DMU ਟਰੇਨ ਨੇ ਕੁਚਲ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸੇ ਵਿਚ ਸੈਂਕੜੇ ਲੋਕ ਜ਼ਖਮੀ ਹੋਏ ਹਨ, ਜਿਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।
ਇਸ ਟਰੇਨ ਦੀ ਰਫਤਾਰ ਬਹੁਤ ਜਿਆਦਾ ਸੀ ਅਤੇ ਇਸ ਨੇ ਟਰੈਕ ਉਤੇ ਖੜੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਰਾਵਣ ਨੂੰ ਅੱਗ ਲਾਈ ਜਾ ਰਹੀ ਸੀ ਕਿ ਉਧਰੋਂ ਟਰੇਨ ਆ ਗਈ। ਇਸ ਦੌਰਾਨ ਲੋਕਾਂ ਵਿਚ ਇਸ ਹਾਦਸੇ ਤੋਂ ਬਾਅਦ ਕਾਫੀ ਗੁੱਸਾ ਹੈ।

ਮੁੱਖ ਮੰਤਰੀ ਵੱਲੋਂ ਅੰਮ੍ਰਿਤਸਰ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ, ਇਜ਼ਰਾਈਲ ਦੌਰਾ ਕੀਤਾ ਮੁਲਤਵੀ
ਚੰਡੀਗੜ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਹਾਦਸੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਜਖ਼ਮੀਆਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੇ ਅੰਮ੍ਰਿਤਸਰ ਹਾਦਸੇ ਦੀ ਵਜ੍ਹਾ ਕਰਕੇ ਆਪਣਾ ਇਜ਼ਰਾਈਲ ਦੌਰਾ ਮੁਲਤਵੀ ਕਰ ਦਿੱਤਾ ਹੈ।