ਸਬਰੀਮਾਲਾ ਮੰਦਰ ‘ਚ ਇਤਿਹਾਸ ਰਚਣ ਤੋਂ 500 ਮੀਟਰ ਦੂਰ ਰਹਿ ਗਈਆਂ ਦੋ ਮਹਿਲਾਵਾਂ

ਵਿਰੋਧ ਤੋਂ ਬਾਅਦ ਮਹਿਲਾਵਾਂ ਨੂੰ ਮੁੜਨਾ ਪਿਆ ਵਾਪਸ
ਨਵੀਂ ਦਿੱਲੀ : ਕੇਰਲਾ ਦੇ 800 ਸਾਲ ਪੁਰਾਣੇ ਸਬਰੀਮਾਲਾ ਮੰਦਰ ਵਿਚ 10 ਸਾਲ ਦੀਆਂ ਬੱਚੀਆਂ ਤੋਂ ਲੈ ਕੇ 50 ਸਾਲ ਦੀਆਂ ਮਹਿਲਾਵਾਂ ਦੇ ਦਾਖਲੇ ਨੂੰ ਲੈ ਕੇ ਵਿਵਾਦ ਅਜੇ ਵੀ ਜਾਰੀ ਹੈ। ਸੁਪਰੀਮ ਕੋਰਟ ਨੇ ਹਰ ਉਮਰ ਦੀਆਂ ਮਹਿਲਾਵਾਂ ਨੂੰ ਮੰਦਰ ਵਿਚ ਦਾਖਲੇ ਲਈ ਪ੍ਰਵਾਨਗੀ ਦਿੱਤੀ ਹੈ। ਪਰ ਸਥਾਨਕ ਲੋਕ ਇਸਦੇ ਪੱਖ ਵਿਚ ਨਹੀਂ ਹਨ। ਅੱਜ ਦੋ ਮਹਿਲਾਵਾਂ ਮੰਦਰ ਵਿਚ ਦਾਖਲ ਹੋਣ ਦਾ ਇਤਿਹਾਸ ਸਿਰਜਣ ਤੋਂ ਸਿਰਫ 500 ਮੀਟਰ ਦੂਰ ਰਹਿ ਗਈਆਂ। ਇਨ੍ਹਾਂ ਦੋਵੇਂ ਮਹਿਲਾਵਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਅੱਗੇ ਨਹੀਂ ਜਾਣ ਦਿੱਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵੇਂ ਮਹਿਲਾਵਾਂ ਨੂੰ 150 ਜਵਾਨਾਂ ਦੀ ਸੁਰੱਖਿਆ ਅਤੇ ਆਈ.ਜੀ. ਦੀ ਅਗਵਾਈ ਵਿਚ ਹੈਲਮੈਟ ਪਵਾ ਕੇ ਮੰਦਰ ਵਿਚ ਲਿਜਾਇਆ ਜਾ ਰਿਹਾ ਸੀ, ਪਰ ਵਿਰੋਧ ਦੇ ਚੱਲਦਿਆਂ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਇਨ੍ਹਾਂ ਮਹਿਲਾਵਾਂ ਵਿਚ ਇਕ ਹੈਦਰਾਬਾਦ ਦੀ ਪੱਤਰਕਾਰ ਕਵਿਤਾ ਜੱਕਲ ਅਤੇ ਦੂਜੀ ਕੋਚੀ ਦੀ ਰਹਿਣ ਵਾਲੀ ਸਮਾਜਿਕ ਕਾਰਕੁੰਨ ਰੇਹਾਨਾ ਫਾਤਿਮਾ ਹੈ। ਮੰਦਰ ਦੇ ਪੁਜਾਰੀ ਦਾ ਕਹਿਣਾ ਹੈ ਕਿ ਜੇਕਰ ਮਹਿਲਾਵਾਂ ਨੇ ਜ਼ਬਰਦਸਤੀ ਮੰਦਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੰਦਰ ਨੂੰ ਤਾਲਾ ਲਗਾ ਦੇਣਗੇ।