10 ਹਜ਼ਾਰ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਪ੍ਰਕਿਰਿਆ ਜਾਰੀ
ਪਠਾਨਕੋਟ ਜ਼ਿਲ•ੇ ਦੀ 27 ਹਜ਼ਾਰ ਏਕੜ ਜ਼ਮੀਨ ਜੰਗਲਾਤ ਜ਼ਮੀਨ ਦਾ ਹਿੱਸਾ ਬਣੇਗੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀ ਖ਼ੁਸ਼ੀ ਮੌਕੇ ਪਿੰਡ-ਪਿੰਡ ਲਗਾਏ ਜਾਣਗੇ 550 ਬੂਟੇ
ਚੰਡੀਗੜ,- ਪੰਜਾਬ ਸਰਕਾਰ ਨੇ ਸੂਬੇ ਦੇ ਜੰਗਲਾਂ ਦੀ ਜ਼ਮੀਨ ‘ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਾਉਣ ਦੀ ਦਿਸ਼ਾ ‘ਚ ਵੱਡੀ ਸਫਲਤਾ ਹਾਸਲ ਕਰਦਿਆਂ ਪਿਛਲੇ ਇੱਕ ਵਰ•ੇ ਦੌਰਾਨ ਲਗਭਗ 5881 ਏਕੜ ਜੰਗਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ।
ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਸੂਬੇ ਦੇ ਸਮੂਹ ਜ਼ਿਲ•ਾ ਜੰਗਲਾਤ ਅਧਿਕਾਰੀਆਂ ਨਾਲ ਕੀਤੀ ਜਾਇਜ਼ਾ ਮੀਟਿੰਗ ਮਗਰੋਂ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ‘ਚ ਹਰ ਤਰ•ਾਂ ਦੇ ਨਾਜਾਇਜ਼ ਤੇ ਗ਼ੈਰ ਕਾਨੂੰਨੀ ਅਮਲ ਨੂੰ ਰੋਕਣ ਲਈ ਵਚਨਬੱਧ ਹੈ। ਉਨ•ਾਂ ਦੱਸਿਆ ਕਿ ਸੂਬੇ ਦੀ 31 ਹਜ਼ਾਰ ਏਕੜ ਜੰਗਲਾਤ ਜ਼ਮੀਨ ‘ਤੇ ਨਾਜਾਇਜ਼ ਕਬਜ਼ਿਆਂ ਹੇਠ ਹੈ। ਉਨ•ਾਂ ਕਿਹਾ ਕਿ ਸਰਕਾਰ ਦੇ ਵਿਸ਼ੇਸ਼ ਯਤਨਾਂ ਸਦਕਾ ਪਿਛਲੇ ਇੱਕ ਵਰ•ੇ ਦੌਰਾਨ 5881 ਏਕੜ ਜੰਗਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਏ ਜਾ ਚੁੱਕੇ ਹਨ ਜਦਕਿ ਆਉਣ ਵਾਲੇ ਕੁੱਝ ਮਹੀਨਿਆਂ ਦੌਰਾਨ ਜੰਗਲਾਤ ਵਿਭਾਗ ਦੀ 10 ਹਜ਼ਾਰ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਪ੍ਰਕਿਰਿਆ ਆਰੰਭੀ ਗਈ ਹੈ, ਜਿਸਨੂੰ ਮਾਲ ਅਤੇ ਪੁਲੀਸ ਵਿਭਾਗ ਦੇ ਸਹਿਯੋਗ ਨਾਲ ਨੇਪਰੇ ਚਾੜਿ•ਆ ਜਾਵੇਗਾ।
ਸ. ਧਰਮਸੋਤ ਨੇ ਦੱਸਿਆ ਕਿ ਪਟਿਆਲਾ, ਸੰਗਰੂਰ, ਲੁਧਿਆਣਾ, ਬਠਿੰਡਾ, ਮੁਕਤਸਰ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਰੂਪਨਗਰ, ਨਵਾਂ ਸ਼ਹਿਰ, ਦਸੂਹਾ, ਪਠਾਨਕੋਟ, ਹੁਸ਼ਿਆਰਪੁਰ, ਮਾਨਸਾ ਅਤੇ ਜਲੰਧਰ ਆਦਿ ਖੇਤਰਾਂ ‘ਚ ਜੰਗਲਾਤ ਦੀ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਜਾ ਚੁੱਕੀ ਹੈ। ਉਨ•ਾਂ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਜ਼ਮੀਨ ‘ਤੇ ਬੂਟੇ ਲਾਏ ਜਾ ਰਹੇ ਹਨ ਅਤੇ ਮੁੜ ਕਬਜ਼ਾ ਹੋਣ ਦੀ ਸੰਭਾਵਨਾ ਖ਼ਤਮ ਕਰਨ ਦੇ ਮਕਸਦ ਨਾਲ ਇਸ ਜ਼ਮੀਨ ‘ਤੇ ਤਾਰਬੰਦੀ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਸ. ਧਰਮਸੋਤ ਨੇ ਦੱਸਿਆ ਕਿ ਜ਼ਿਲ•ਾ ਪਠਾਨਕੋਟ ਦੇ ਧਾਰ ਬਲਾਕ ਅਧੀਨ ਸ਼ਾਹਪੁਰ ਕੰਢੀ ਖੇਤਰ ਦੀ 27 ਹਜ਼ਾਰ ਏਕੜ ਜ਼ਮੀਨ ਛੇਤੀ ਹੀ ਜੰਗਲਾਤ ਵਿਭਾਗ ਦਾ ਹਿੱਸਾ ਬਣ ਜਾਵੇਗੀ। ਉਨ•ਾਂ ਦੱਸਿਆ ਕਿ ਮਾਲ ਵਿਭਾਗ ਦੇ ਸਾਲ 1904 ਦੇ ਰਿਕਾਰਡ ਅਨੁਸਾਰ ਇਹ ਜ਼ਮੀਨ ‘ਸੁਰੱਖਿਅਤ ਵਣ ਰਕਬਾ’ ਘੋਸ਼ਿਤ ਕੀਤਾ ਗਿਆ ਸੀ, ਪਰ ਇਹ ਜ਼ਮੀਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰਜ਼ ਨਹੀਂ ਸੀ, ਜਿਸਦਾ ਫਾਇਦਾ ਉਠਾ ਕੇ ਕੁੱਝ ਰਸੂਖ਼ਵਾਨ ਵਿਅਕਤੀਆਂ ਨੇ ਜ਼ਮੀਨ ਆਪਣÎੇ ਨਾਂ ‘ਤੇ ਕਰਾ ਕੇ ਇੱਥੇ ਕਮਰਸ਼ੀਅਲ ਇਮਾਰਤਾਂ ਉਸਾਰਨ ਦੀ ਯੋਜਨਾ ਬਣਾਈ ਸੀ। ਉਨ•ਾਂ ਦੱਸਿਆ ਕਿ ਜੰਗਲਾਤ ਵਿਭਾਗ ਨੇ ਸਾਲ 1986 ‘ਚ ਇਸ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਪਹਿਲ ਕੀਤੀ ਸੀ ਪਰ ਕੁੱਝ ਡੀਲਰਾਂ ਵਲੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਇਸ ਕਾਰਵਾਈ ‘ਤੇ ਰੋਕ (ਸਟੇਅ) ਹਾਸਲ ਕਰ ਲਈ ਸੀ। ਉਨ•ਾਂ ਦੱਸਿਆ ਕਿ ਜੰਗਲਾਤ ਵਿਭਾਗ ਦੇ ਯਤਨਾਂ ਸਦਕਾ ਸਾਲ 2014 ‘ਚ ਮਾਨਯੋਗ ਹਾਈਕੋਰਟ ਨੇ ਇਹ ਰੋਕ (ਸਟੇਅ) ਹਟਾ ਦਿੱਤੀ ਗਈ ਅਤੇ ਇਹ ਜ਼ਮੀਨ ਜੰਗਲਾਤ ਵਿਭਾਗ ਨੂੰ ਦੇਣ ਦੇ ਹੁਕਮ ਦਿੱਤੇ ਹਨ। ਉਨ•ਾਂ ਦੱਸਿਆ ਕਿ ਇਹ ਜ਼ਮੀਨ ਹੁਣ ਛੇਤੀ ਹੀ ਜੰਗਲਾਤ ਵਿਭਾਗ ਦਾ ਹਿੱਸਾ ਬਣ ਜਾਵੇਗੀ।
ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀ ਖ਼ੁਸ਼ੀ ਮੌਕੇ ਸੂਬੇ ਦੇ ਹਰ ਪਿੰਡ ਵਿੱਚ 550 ਬੂਟੇ ਲਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਸਮੂਹ ਜ਼ਿਲ•ਾ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ•ਾਂ ਕਿਹਾ ਕਿ ਪੰਜਾਬ ਦੇ 12700 ਦੇ ਕਰੀਬ ਪਿੰਡਾਂ ‘ਚ ਪ੍ਰਤੀ ਪਿੰਡ 550 ਬੂਟੇ ਲਾਉਣ ਲਈ 70 ਲੱਖ ਬੂਟਿਆਂ ਦੀ ਜ਼ਰੂਰਤ ਪਵੇਗੀ। ਉਨ•ਾਂ ਕਿਹਾ ਇਹ ਮੁਹਿੰਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਨੇਪਰੇ ਚਾੜ•ੀ ਜਾਵੇਗੀ। ਉਨ•ਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਬੰਧੀ ਮੁੱਖ ਪ੍ਰੋਗਰਾਮ ਜਲੰਧਰ ਵਿਖੇ ਕਰਨ ਦੀ ਵਿਊਂਤਬੰਦੀ ਕੀਤੀ ਜਾ ਰਹੀ ਹੈ ਅਤੇ ਇਸੇ ਦਿਨ ਨੇੜਲੇ 10-15 ਪਿੰਡਾਂ ‘ਚ ਬੂਟੇ ਲਾ ਕੇ ਪਿੰਡਾਂ ‘ਚ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਮੁੱਖ ਸਕੱਤਰ ਜੰਗਲਾਤ ਡਾ. ਰੋਸ਼ਨ ਸ਼ੁੰਕਾਰੀਆ, ਪ੍ਰਮੁੱਖ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ, ਜੰਗਲਾਤ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਜ਼ਿਲ•ਾ ਅਧਿਕਾਰੀ ਹਾਜ਼ਰ ਸਨ।