ਸਮੂਹ ਸਿੱਖ ਕੌਮ ਬਾਦਲ ਪਰਿਵਾਰ ਦਾ ਕਰੇ ਰਾਜਨੀਤਕ ਅਤੇ ਸਮਾਜਿਕ ਬਾਈਕਾਟ : ਸ. ਰਵੀਇੰਦਰ ਸਿੰਘ
ਚੰਡੀਗੜ੍ਹ – ਅੱਜ ਅਖੰਡ ਅਕਾਲੀ ਦਲ 1920 ਦੀ ਸੀਨੀਅਰ ਆਗੂਆ ਦੀ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਹੋਏ ਫੈਸਲਿਆਂ ਸਬੰਧੀ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ. ਰਵੀਇੰਦਰ ਸਿੰਘ ਪ੍ਰਧਾਨ ਅਤੇ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਰਪ੍ਰਸਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸਿਧਾਂਤਾਂ ਦੇ ਨੁਕਸਾਨ ਲਈ ਸਿਰਫ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਸ਼੍ਰੋਮਣੀ ਅਕਾਲੀ ਦਲ ਅੰਦਰ ਪੈਰ ਪਾਉਂਦਿਆਂ ਹੀ ਸ. ਬਾਦਲ ਨੇ ਸਿੱਖ ਵਿਰੋਧੀ ਗਤੀਵਿਧੀਆਂ ਦਾ ਰਾਹ ਫੜ ਲਿਆ ਸੀ। ਜਿਸ ਦਾ ਸਬੂਤ ਸ.ਬਾਦਲ ਦੇ ਪਹਿਲੇ ਰਾਜ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਵਿੱਤਰ ਜਨਮ ਅਸਥਾਨ ਸਰਾਏਨਾਗਾ ਜਿਲਾ ਮੁਕਤਸਰ ਵਿਖੇ ਗੋਲੀਆਂ ਚਲਾਉਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅਤੇ ਨਿਹੰਗ ਸਿੰਘਾਂ ਨੂੰ ਸ਼ਹੀਦ ਕਰਣ ਤੋਂ ਮਿਲਦਾ ਹੈ ਜਿਸ ਦਾ ਪਰਚਾ ਵੀ ਦਰਜ ਨਹੀਂ ਕੀਤਾ ਗਿਆ।
ਜੇਕਰ ਇਹ ਵੀ ਕਿਹ ਲਿਆ ਜਾਵੇ ਕਿ ਗੁਰੂ ਘਰ ਦੀ ਬੇਅਦਬੀ ਅਤੇ ਸਿੰਘਾਂ ਨੂੰ ਸ਼ਹੀਦ ਕਰਣ ਦੀ ਸ਼ੁਰੂਆਤ ਹੀ ਬਾਦਲ ਨੇ ਕੀਤੀ ਸੀ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ।
ਇਸ ਤੋਂ ਇਲਾਵਾ ਸ. ਬਾਦਲ ਨੇ ਹਰ ਉਸ ਸਿੱਖ ਲੀਡਰ ਨੂੰ ਬੜੀ ਚਲਾਕੀ ਨਾਲ ਜਲੀਲ ਕਰਕੇ ਪਾਸੇ ਕੀਤਾ, ਜਿਸ ਕਿਸੇ ਨੇ ਵੀ ਇਸ ਨੂੰ ਪੰਥਕ ਹਿੱਤਾਂ ਦੀ ਗੱਲ ਕਹਿਣ ਦੀ ਜੁਅਰਤ ਕੀਤੀ। ਸ਼੍ਰੋਮਣੀ ਅਕਾਲੀ ਦਲ ਜਿਸ ਨੇ ਕਿ ਗੁਲਾਮ ਦੇਸ਼ ਅੰਦਰ ਵੀ ਅੰਗਰੇਜ਼ਾਂ ਦੇ ਨੱਕ ਅੰਦਰ ਦਮ ਕਰਕੇ ਗੁਰਦੁਆਰਾ ਐਕਟ 1925 ਰਾਹੀਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਲਿਆਂਦੀ ਸੀ, ਅੱਜ ਆਜ਼ਾਦ ਦੇਸ਼ ਅੰਦਰ ਬਾਦਲ ਪਰਿਵਾਰ ਨੇ ਆਪਣੇ ਨਿੱਜੀ ਮੁਫਾਦਾਂ ਲਈ ਸਿੱਖ ਸਿਧਾਂਤਾਂ ਦਾ ਅਤੇ ਸ਼੍ਰੋਮਣੀ ਕਮੇਟੀ ਦਾ ਘਾਣ ਕਰਕੇ ਰੱਖ ਦਿੱਤਾ। ਜਿਸ ਸੰਸਥਾਂ ਦੀ ਚੜ੍ਹਦੀ ਕਲਾ ਲਈ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਲਿਆਂਦਾ ਸੀ ਉਸੇ ਸੰਸਥਾ ਨੂੰ ਹੀ ਨਿਗਲ ਜਾਣ ਦਾ ਜਿੰਮੇਵਾਰ ਬਣਾ ਦਿੱਤਾ। ਜੱਦੋਂ ਵੀ ਕਦੇ ਸਿੱਖ ਹਿੱਤਾਂ ਜਾਂ ਸਿੱਖ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਆਈ ਤਾਂ ਸ. ਬਾਦਲ ਨੇ ਮੀਸਣਾ ਬਣਕੇ ਮੂੰਹ ਹੀ ਨਹੀਂ ਮੋੜ ਲਿਆ, ਸਗੋਂ ਬੜੀ ਚਲਾਕੀ ਨਾਲ ਸਿੱਖ ਵਿਰੋਧੀ ਤਾਕਤਾਂ ਦਾ ਸਾਥ ਵੀ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਅੱਜ ਵਾਲੇ ਹਾਲਾਤ ਤਾਂ ਬੜੀ ਦੇਰ ਪਹਿਲਾਂ ਹੀ ਹੋ ਜਾਣੇ ਸਨ ਪਰ ਅਕਾਲੀ ਦਲ ਅੰਦਰ ਸਿੱਖੀ ਨੂੰ ਸਮਰਪਿਤ ਆਗੂਆਂ ਦੀ ਹੋਂਦ ਕਰਕੇ ਬਚਿਆ ਰਿਹਾ। ਪਰ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਮੋਹ ਨੇ ਸਾਰੇ ਹੀ ਸੀਨੀਅਰ ਟਕਸਾਲੀ ਅਕਾਲੀ ਆਗੂਆ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਪੁੱਤਰ ਸੁਖਬੀਰ ਬਾਦਲ ਜੋ ਸਿੱਖੀ ਸਿਧਾਂਤਾਂ ਤੋ ਕੋਰਾ ਅਤੇ ਗੁਰੂ ਦੀ ਬਖਸ਼ਿਸ਼ ਪੰਜ ਕਕਾਰੀ ਰਹਿਤ ਦਾ ਵਿਰੋਧੀ ਸੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਕੇ ਪੰਥਕ ਜਥੇਬੰਦੀ ਨੂੰ ਸਿਰਫ ਬਾਦਲ ਦਲ ਬਣਾ ਦਿੱਤਾ।
ਇਸੇ ਸਮੇਂ ਦੌਰਾਨ ਸੰਨ 2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਸਮੇਂ ਬਾਦਲ ਪਿਓ ਪੁੱਤ ਦੇ ਰੋਲ ਨੇ ਬਾਦਲ ਪਰਿਵਾਰ ਦੇ ਮੱਥੇ ਤੇ ਏਸਾ ਕਲੰਕ ਲਗਾ ਦਿੱਤਾ ਜਿਸ ਤਰ੍ਹਾਂ ਦਾ ਕਾਂਗਰਸ ਦੇ ਮੱਥੇ ਤੇ 1984 ਦਾ ਕਲੰਕ ਨਹੀਂ ਲਹਿ ਸਕਦਾ ਠੀਕ ਉਸੇ ਤਰ੍ਹਾਂ ਇਹ ਕਲੰਕ ਵੀ ਬਾਦਲ ਪਰਿਵਾਰ ਦੇ ਮੱਥੇ ਤੋਂ ਨਹੀਂ ਲਹਿ ਸਕਦਾ। ਹਰ ਸਿੱਖ ਲਈ ਇਹ ਬੜੀ ਨਮੋਸ਼ੀ ਅਤੇ ਬਦਕਿਸਮਤੀ ਵਾਲੀ ਗੱਲ ਹੈ ਕਿ ਜੋ ਵੀ ਸਿੱਖ ਸੰਗਤ ਦੇ ਹਿਰਦੇ ਵਲੂੰਧਰਣ ਵਾਲੀਆਂ ਕਾਰਵਾਈਆਂ ਹੋਈਆਂ ਉਹ ਸਿੱਖਾਂ ਦੀ ਨੁਮਾਇੰਦਾ ਜਮਾਤ ਦੀ ਅਗਵਾਈ ਕਰਣ ਵਾਲੇ ਸ. ਬਾਦਲ ਦੇ ਰਾਜ ਵਿਚ ਹੀ ਹੋਈਆਂ। ਜਿਵੇਂ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਵਿੱਤਰ ਜਨਮ ਅਸਥਾਨ ਸਰਾਏਨਾਗਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਨਿਹੰਗ ਸਿੰਘਾਂ ਦਾ ਕਤਲ ਅਤੇ ਵਿਸਾਖੀ ਸੰਨ 1978 ਵਾਲੇ ਦਿਨ 13 ਸਿੰਘਾਂ ਨੂੰ ਸ਼ਹੀਦ ਕਰਣ ਵਾਲੇ ਕਾਤਿਲ ਗੁਰਬਚਨੇ ਨਿਰੰਕਾਰੀ ਨੂੰ ਸਰਕਾਰੀ ਸ਼ਹਿ ਨਾਲ ਸੁਰੱਖਿਅਤ ਪੰਜਾਬ ਤੋਂ ਬਾਹਰ ਭੇਜਣਾ, ਨੂਰ ਮਹਿਲੀਆ ਕਾਂਡ, ਭਨਿਆਰੇ ਵਾਲਾ ਕਾਂਡ, ਸੌਦਾ ਸਾਧ ਕਾਂਡ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਹਨ ਜੋ ਬਾਦਲ ਦੇ ਰਾਜ ਵਿਚ ਹੀ ਹੋਈਆਂ, ਅਤੇ ਇਸ ਨੇ ਹਮੇਸ਼ਾ ਹੀ ਘਟਨਾਵਾਂ ਕਰਣ ਵਾਲੇ ਦਾ ਸਾਥ ਦਿੱਤਾ। ਲੇਕਿਨ ਸੰਨ 2015 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਦੇ ਦੋਸ਼ੀਆ ਦੀ ਅਤੇ ਸਿੰਘਾਂ ਨੂੰ ਸ਼ਹੀਦ ਕਰਣ ਵਾਲੇ ਕਾਤਲਾਂ ਦੀ ਪੁਸ਼ਤ ਪਨਾਹੀ ਨੇ ਤਾਂ ਸਭ ਨੂੰ ਹੀ ਮਾਤ ਪਾ ਦਿੱਤੀ, ਇਹ ਕਾਰਵਾਈ ਕੋਈ ਇੱਕ ਦਿਨਾਂ ਕਾਰਵਾਈ ਨਹੀਂ ਸੀ ਬਾਦਲ ਪਿਓ ਪੁੱਤ ਦੀ ਵੋਟਾਂ ਦੀ ਲਾਲਸਾ ਨੇ ਸਿੱਖ ਵਿਰੋਧੀ ਤਾਕਤਾਂ ਦਾ ਹੌਂਸਲੇ ਹੀ ਇਹਨੇ ਵਧਾ ਦਿੱਤੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੱਕ ਪਹੁੰਚ ਗਏ। ਇਸ ਜ਼ੁਲਮ ਦੀ ਓਦੋਂ ਇੰਤਹਾਅ ਹੋ ਗਈ। ਜਦ ਸ.ਬਾਦਲ ਨੇ ਆਪਣੇ ਪਹਿਲੇ ਸੁਭਾਅ ਮੁਤਾਬਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਿਲਾ ਦੀਆਂ ਕਰਤੂਤਾਂ ਤੇ ਪਰਦਾ ਪਾਉਣ ਲਈ ਰਾਜ ਸੱਤਾ ਲੇ ਜ਼ੋਰ ਨਾਲ ਨਾਮ ਜਪਦੀਆ ਸੰਗਤਾਂ ਤੇ ਹੀ ਲਾਠੀ ਚਾਰਜ ਤੇ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ। ਅਤੇ ਦੋ ਗੁਰਸਿੱਖਾਂ ਉੱਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦੋਸ਼ ਮੜ ਕੇ ਸੌਦਾ ਸਾਧ ਦੇ ਚੇਲੇ ਜੋ ਬੇਅਦਬੀ ਦੇ ਦੋਸ਼ੀ ਸਨ ਤੇ ਪੜਦਾ ਪਾਉਣ ਦਾ ਯਤਨ ਕੀਤਾ।
ਇਸੇ ਸਮੇਂ ਦੌਰਾਨ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਜੱਥੇਦਾਰਾ ਵਿੱਚੋ ਮੁੱਖ ਭੂਮਿਕਾ ਨਿਭਾਉਣ ਵਾਲੇ ਗੁਰਮੁਖ ਸਿੰਘ ਵੱਲੋ ਸੰਗਤਾਂ ਤੇ ਪ੍ਰੈਸ ਸਾਹਮਣੇ ਬਾਦਲ ਪਿਓ ਪੁੱਤ ਦੀ ਪੰਥ ਦੀ ਪਿੱਠ ਵਿੱਚ ਛੂਰਾ ਮਾਰਨ ਦੀ ਕਰਤੂਤ ਨੂੰ ਨੰਗਾ ਕਰਨ ਦੇ ਬਾਵਜੂਦ ਕਿਸੇ ਜੱਥੇਦਾਰ ਨੇ ਕੌਮ ਦੇ ਹਿੱਤਾਂ ਵਿੱਚ ਕੋਈ ਕਾਰਵਾਈ ਨਾ ਕੀਤੀ। ਸਗੋਂ ਅਕਾਲ ਤਖਤ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਪੰਜ ਪਿਆਰਿਆਂ ਸਾਹਿਬਾਨ ਦੇ ਹਾਅ ਦਾ ਨਾਅਰਾ ਮਾਰਨ ਤੇ ਉਹਨਾਂ ਦਾ ਹੁਕਮ ਮੰਨਣ ਦੀ ਬਜਾਏ ਸੇਵਾ ਮੁਕਤ ਹੀ ਕਰ ਦਿੱਤਾ, ਇਹ ਜ਼ਬਰ ਇੱਥੇ ਹੀ ਨਾ ਰੁਕਿਆ ਸਗੋਂ ਸੱਤਾ ਦੇ ਨਸ਼ੇ ਚ ਡੁੱਬੇ ਪਿਓ ਪੁੱਤ ਨੇ ਕੌਮ ਦੀ ਉਸ ਹਰ ਸ਼ਖਸੀਅਤ ਨੂੰ ਦੰਡਤਿ ਕੀਤਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ਹੀਦ ਸਿੰਘਾਂ ਪ੍ਰਤੀ ਬੋਲਣ ਦਾ ਯਤਨ ਕੀਤਾ ਬੇਸ਼ੱਕ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਿੰਘ, ਅਰਦਾਸੀਆ ਸਿੰਘ, ਗ੍ਰੰਥੀ ਸਿੰਘ, ਢਾਡੀ ਸਿੰਘ ਅਤੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਥਾ ਕਰਨ ਵਾਲੇ ਪ੍ਰਚਾਰਕ ਸਿੰਘ ਹੀ ਕਿਉਂ ਨਾ ਹੋਣ ਕਿਸੇ ਨੂੰ ਵੀ ਨਹੀਂ ਬਖਸ਼ਿਆ। ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੀ ਕੁਰਬਾਨੀ ਦੇ ਕੇ ਸਿੱਖ ਕੌਮ ਸਾਹਮਣੇ ਬਾਦਲ ਪਰਿਵਾਰ ਦੀਆਂ ਕਰਤੂਤਾਂ ਨੂੰ ਨੰਗਾ ਕੀਤਾ ਹੈ। ਇਸ ਲਈ ਸਾਡੇ ਮੁਤਾਬਿਕ ਕਮਿਸ਼ਨਾਂ ਦੀਆਂ ਰਿਪੋਰਟਾਂ ਅਤੇ ਕਾਨੂੰਨ ਰਾਹੀਂ ਮਿਲਣ ਵਾਲੀ ਸਜ਼ਾ ਨਾ ਕਾਫੀ ਹੈ। ਬਾਦਲ ਪਰਿਵਾਰ ਦੇ ਗੁਰੂ ਪੰਥ ਨਾਲ ਕੀਤੇ ਵਿਸ਼ਵਾਸਘਾਤ ਨੂੰ ਦੇਖਦਿਆਂ ਧਾਰਮਿਕ ਸਜ਼ਾ ਝਾੜੂ ਮਾਰਨਾ, ਬਰਤਨ ਸਾਫ਼ ਕਰਨੇ, ਦੇਗ ਕਰਾਉਣੀ ਜਾਂ ਮਾਇਆ ਭੇਂਟ ਕਰਨਾ ਏਡੇ ਵੱਡੇ ਜ਼ੁਰਮ ਲਈ ਸੰਗਤਾਂ ਨੂੰ ਪ੍ਰਵਾਨ ਨਹੀਂ ਹੋ ਸਕਦੀ।
ਇਸ ਲਈ ਅਖੰਡ ਅਕਾਲੀ ਦਲ 1920 ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ, ਸਭਾ ਸੁਸਾਇਟੀਆਂ, ਸੰਪਰਦਾਵਾਂ, ਰਾਗੀ, ਢਾਡੀ, ਪ੍ਰਚਾਰਕਾਂ, ਸਿੱਖ ਚਿੰਤਕਾਂ, ਬਾਦਲ ਦਲ ਵਿੱਚ ਬੈਠੇ ਟਕਸਾਲੀ ਅਕਾਲੀਆ ਅਤੇ ਸੰਤ ਸਮਾਜ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਾ ਹੈ ਕਿ ਆਓ ਬਾਦਲ ਪਰਿਵਾਰ ਤੋਂ ਸਿੱਖ ਕੌਮ ਦਾ ਖਹਿੜਾ ਛੁਡਾਉਣ ਲਈ ਇਸ ਪਰਿਵਾਰ ਦਾ ਮੁਕੰਮਲ ਬਾਈਕਾਟ ਕਰਕੇ ਇਸ ਨੂੰ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਖੇਤਰ ਚੋਂ ਲਾਂਭੇ ਕਰੀਏ ਅਤੇ ਅਖੰਡ ਅਕਾਲੀ ਦਲ 1920 ਅੱਜ ਤੋਂ ਹੀ ਬਾਦਲ ਪਰਿਵਾਰ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਇਸਦੇ ਸਮੁੱਚੇ ਬਾਈਕਾਟ ਦਾ ਐਲਾਨ ਕਰਦਾ ਹੈ ਅਤੇ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇ ।
ਇਸ ਸਮੇਂ ਉਪਰੋਕਤ ਤੋਂ ਇਲਾਵਾ ਜੱਥੇ. ਭਰਪੂਰ ਸਿੰਘ ਧਾਂਦਰਾ ਸੱਕਤਰ ਜਰਨਲ, ਬਾਬਾ ਪਿਆਰਾ ਸਿੰਘ ਸੀਨੀ. ਮੀਤ ਪ੍ਰਧਾਨ, ਜੱਥੇ. ਤੇਜਾ ਸਿੰਘ ਮੀਤ ਪ੍ਰਧਾਨ, ਸ. ਹਰਬੰਸ ਸਿੰਘ ਕੰਧੋਲਾ ਜਰਨਲ ਸਕੱਤਰ, ਸ. ਭਰਪੂਰ ਸਿੰਘ ਧਨੌਲਾ ਜਰਨਲ ਸਕੱਤਰ, ਸ. ਬੂਟਾ ਸਿੰਘ ਰਣਸੀਂਹ ਜਰਨਲ ਸਕੱਤਰ, ਸ.ਤਜਿੰਦਰ ਸਿੰਘ ਪਨੂੰ ਸੱਕਤਰ, ਸ.ਨਵਜੋਤ ਸਿੰਘ ਸਿੱਧੂ ਪ੍ਰਧਾਨ ਯੂਥ ਵਿੰਗ, ਐਮ.ਪੀ ਸਿੰਘ ਬਿਨਾਕਾ, ਸ.ਪਲਵਿੰਦਰ ਸਿੰਘ ਜਲਧੰਰ, ਸ. ਜਗਤਾਰ ਸਿੰਘ ਸਹਾਰਨ ਮਾਜਰਾ ਜਿਲਾਂ ਪ੍ਰਧਾਨ ਲੁਧਿਆਣਾ, ਸ.ਦਲੇਰ ਸਿੰਘ ਡੋਡ ਪ੍ਰਧਾਨ ਸਿੱਖ ਸਟੂਡੈਂਟ 1920, ਹਰਦੀਪ ਸਿੰਘ ਡੋਡ, ਦਵਿੰਦਰ ਸਿੰਘ ਸੇਖੋਂ ਮੌਜੂਦ ਸਨ।