ਨਵੀਂ ਦਿੱਲੀ — ਦਿੱਲੀ ਪੁਲਸ ਨੇ ਇਕ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਸੰਸਦ ਮੈਂਬਰ ਦੇ ਬੇਟੇ ਆਸ਼ੀਸ਼ ਪਾਂਡੇ ਵਿਰੁੱਧ ਬੁੱਧਵਾਰ ਨੂੰ ਅਦਾਲਤ ਤੋਂ ਗੈਰ ਜ਼ਮਾਨਤੀ ਵਾਰੰਟ ਮੰਗਿਆ ਹੈ। ਇੱਥੇ ਦੱਸ ਦੇਈਏ ਕਿ ਆਸ਼ੀਸ਼ ਪਾਂਡੇ ‘ਤੇ ਦਿੱਲੀ ਦੇ ਇਕ ਪੰਜ ਸਿਤਾਰਾ ਹੋਟਲ ਦੇ ਬਾਹਰ ਇਕ ਜੋੜੇ ਨੂੰ ਬੰਦੂਕ ਨਾਲ ਡਰਾਉਣ ਤੇ ਧਮਕਾਉਣ ਦਾ ਦੋਸ਼ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਦਿੱਲੀ ਪੁਲਸ ਨੇ ਮੰਗਲਵਾਰ ਨੂੰ ਮਾਮਲੇ ਵਚ ਲਾਪਰਵਾਹੀ ਵਰਤਣ ਦੇ ਸਬੰਧ ਵਿਚ ਹੋਟਲ ਹਯਾਤ ਰਿਜੈਂਸੀ ਨੂੰ ਕਾਰਨ ਦੱਸੋ ਨੋਟਿਸ ਵੀ ਭੇਜਿਆ ਸੀ। ਜ਼ਿਕਰਯੋਗ ਹੈ ਕਿ ਦੋਸ਼ੀ ਆਸ਼ੀਸ਼ ਪਾਂਡੇ ਲਖਨਊ ਦਾ ਰਹਿਣ ਵਾਲਾ ਹੈ ਅਤੇ ਉਹ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦਾ ਬੇਟਾ ਹੈ। ਉਸ ਦੇ ਭਰਾ ਰਿਤੇਸ਼ ਪਾਂਡੇ ਉੱਤਰ ਪ੍ਰਦੇਸ਼ ਵਿਚ ਵਿਧਾਇਕ ਹੈ।
ਓਧਰ ਪੀੜਤ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ 14 ਅਕਤੂਬਰ ਦੀ ਰਾਤ ਉਹ ਆਪਣੀ ਇਕ ਮਹਿਲਾ ਦੋਸਤ ਨਾਲ ਭੋਜਨ ਕਰਨ ਲਈ ਹੋਟਲ ਹਯਾਤ ਰਿਜੈਂਸੀ ਗਏ ਸਨ, ਜਿੱਥੇ ਬਸਪਾ ਦੇ ਸਾਬਕਾ ਸੰਸਦ ਮੈਂਬਰ ਦੇ ਬੇਟੇ ਨੇ ਗੁੰੰਡਾਗਰਦੀ ਕੀਤੀ ਅਤੇ ਸਾਨੂੰ ਬੰਦੂਕ ਨਾਲ ਡਰਾਉਣ ਲੱਗਾ। ਇਸ ਮਾਮਲੇ ਮਗਰੋਂ ਪੁਲਸ ਆਸ਼ੀਸ਼ ਪਾਂਡੇ ਦੀ ਭਾਲ ਕਰ ਰਹੀ ਹੈ, ਜੋ ਕਿ ਘਟਨਾ ਮਗਰੋਂ ਲਾਪਤਾ ਹੈ।