ਨਵੀਂ ਦਿੱਲੀ — ਯੌਨ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਕੇਂਦਰੀ ਰਾਜ ਮੰਤਰੀ ਐੱਮ. ਜੇ. ਅਕਬਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਕਬਰ ਵਲੋਂ ਅਸਤੀਫਾ ਦੇਣ ਤੋਂ ਬਾਅਦ ਮਹਿਲਾ ਪੱਤਰਕਾਰ ਪ੍ਰਿਆ ਰਮਾਨੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਕਰ ਕੇ ਖੁਸ਼ੀ ਜ਼ਾਹਰ ਕੀਤੀ ਹੈ।
ਪ੍ਰਿਆ ਨੇ ਲਿਖਿਆ, ”ਅਕਬਰ ਦੇ ਅਸਤੀਫੇ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਸਾਡੇ ਦੋਸ਼ ਸਹੀ ਸਾਬਤ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਉਸ ਦਿਨ ਦੀ ਉਡੀਕ ਹੈ, ਜਦੋਂ ਸਾਨੂੰ ਅਦਾਲਤ ਤੋਂ ਨਿਆਂ ਮਿਲੇਗਾ। ਇੱਥੇ ਦੱਸਣਯੋਗ ਹੈ ਕਿ ‘ਮੀ ਟੂ’ ਮੁਹਿੰਮ ਤਹਿਤ ਅਕਬਰ ‘ਤੇ ਕਈ ਮਹਿਲਾ ਪੱਤਰਕਾਰਾਂ ਨੇ ਦੋਸ਼ ਲਾਏ ਹਨ। ਅਕਬਰ ਨੇ ਇਸ ਮੁਹਿੰਮ ਤਹਿਤ ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਮਹਿਲਾ ਪੱਤਰਕਾਰ ਪ੍ਰਿਆ ਰਮਾਨੀ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਅਕਬਰ ਨੇ ਮਹਿਲਾ ਪੱਤਰਕਾਰਾਂ ਵਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।
ਮਹਿਲਾ ਪੱਤਰਕਾਰਾਂ ਵਲੋਂ ਯੌਨ ਸ਼ੋਸ਼ਣ ਦੇ ਦੋਸ਼ ਲਾਏ ਜਾਣ ਮਗਰੋਂ ਕਾਂਗਰਸ ਨੇ ਮੋਦੀ ਸਰਕਾਰ ਨੂੰ ਲੰਮੇਂ ਹੱਥੀ ਲਿਆ ਅਤੇ ਅਕਬਰ ਦੇ ਅਸਤੀਫੇ ਦੀ ਮੰਗ ਕੀਤੀ ਸੀ। ਵਿਰੋਧੀ ਧਿਰ ਵਲੋਂ ਰੱਖੀ ਮੰਗ ਮਗਰੋਂ ਆਖਰਕਾਰ ਅਕਬਰ ਨੇ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਹੀ ਦਿੱਤਾ।