ਮੁੱਖ ਮੰਤਰੀ ਨੂੰ ਇਜ਼ਰਾਈਲ ਦੌਰੇ ਦੌਰਾਨ ਨਵੇਂ ਦਿਸਹੱਦੇ ਕਾਇਮ ਹੋਣ ਦਾ ਭਰੋਸਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਆਪਣੀ ਇਜ਼ਰਾਈਲ ਫੇਰੀ ਸਬੰਧੀ ਭਰੋਸਾ ਜ਼ਾਹਰ ਕੀਤਾ ਕਿ ਇਹ ਦੌਰਾ ਦੁਵੱਲੇ ਹਿੱਤਾਂ ਖਾਸ ਕਰਕੇ ਖੇਤੀਬਾੜੀ, ਬਾਗ਼ਬਾਨੀ ਅਤੇ ਡੇਅਰੀ ਸੈਕਟਰ ਦੇ ਮੁੱਖ ਖੇਤਰਾਂ ਵਿੱਚ ਵਿਕਾਸ ਅਤੇ ਸਹਿਯੋਗ ਦੇ ਨਵੇਂ ਦਿਸਹੱਦੇ ਕਾਇਮ ਕਰੇਗਾ।
ਇਕ ਸਰਕਾਰ ਬੁਲਾਰੇ ਮੁਤਾਬਕ ਮੁੱਖ ਮੰਤਰੀ ਨਾਲ ਉੱਚ ਪੱਧਰੀ ਵਫ਼ਦ ਹੋਵੇਗਾ ਜਿਸ ਦਾ 21 ਅਕਤੂਬਰ ਨੂੰ ਇਜ਼ਰਾਇਲ ਜਾਣ ਦਾ ਪ੍ਰੋਗਰਾਮ ਤੈਅ ਹੈ।
ਅੱਜ ਸਵੇਰੇ ਇੱਥੇ ਇਜ਼ਰਾਈਲ ਦੂਤਘਰ ਦੇ ਮਾਮਲਿਆਂ ਦੇ ਇੰਚਾਰਜ ਮਾਇਆ ਕਦੋਸ਼ ਨੇ ਅੱਜ ਸਵੇਰੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਕਿ ਅੰਦਰੂਨੀ ਸੁਰੱਖਿਆ ਦੇ ਖੇਤਰ ਵਿੱਚ ਇਜ਼ਰਾਈਲ ਨਾਲ ਮੁਹਾਰਤ ਦੀ ਸਾਂਝ ਸੂਬੇ ਦੀ ਰੱਖਿਆ ਦੀਆਂ ਤਿਆਰੀਆਂ ਹੋਰ ਮਜ਼ਬੂਤ ਹੋਵੇਗੀ।
ਵਿਦੇਸ਼ੀ ਨਿਵੇਸ਼ਕਾਰਾਂ ਲਈ ਪੰਜਾਬ ਨੂੰ ਨਿਵੇਸ਼ ਪੱਖੋਂ ਸਭ ਤੋਂ ਬਿਹਤਰੀਨ ਸੂਬਾ ਬਣਾਉਣ ਸਬੰਧੀ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਇਜ਼ਰਾਈਲ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਤਕਨੀਕੀ ਵਿਸ਼ੇਸ਼ਤਾਵਾਂ ਨੂੰ ਅਪਣਾਉਣ ਦੀ ਇਛੁੱਕ ਹੈ। ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਤੇ ਇਜ਼ਰਾਈਲ ਦੀ ਸ਼ਾਨਦਾਰ ਇਤਿਹਾਸਕ ਸਾਂਝ ਹੈ ਜਿਸ ਨੂੰ ਦੁਵੱਲੇ ਸਹਿਯੋਗ ਰਾਹੀਂ ਹੋਰ ਅੱਗੇ ਲਿਜਾਣਾ ਚਾਹੀਦਾ ਹੈ ਜਿਸ ਨਾਲ ਦੋਵਾਂ ਪਾਸਿਆਂ ਦੀ ਸਰਬਪੱਖੀ ਤਰੱਕੀ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇਗਾ।
ਵਫ਼ਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਫੇਰੀ ਨੂੰ ਨਤੀਜਾਮੁਖੀ ਬਣਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਉੱਦਮੀ ਖਾਸ ਕਰਕੇ ਰੱਖਿਆ ਖੇਤਰ ਦੇ ਉੱਦਮੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਖੇਤੀਬਾੜੀ ਅਤੇ ਜਲ ਸੰਭਾਲ ਦੇ ਖੇਤਰ ਵਿੱਚ ਦੋ ਐਮ.ਓ.ਯੂ. ਸਹੀਬੰਦ ਕਰਨ ਲਈ ਆਸਵੰਦ ਹਨ ਕਿਉਂਕਿ ਇਹ ਦੋਵੇਂ ਖੇਤਰ ਖੇਤੀਬਾੜੀ ਨੂੰ ਹੰਢਣਸਾਰ ਬਣਾਉਣ ਪ੍ਰਤੀ ਸੂਬਾ ਸਰਕਾਰ ਦੇ ਯਤਨਾਂ ਨੂੰ ਹੋਰ ਅੱਗੇ ਲਿਜਾਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ‘ਚੋਂ ਕੱਢ ਕੇ ਹੰਢਣਸਾਰ ਖੇਤੀ ਵੱਲ ਮੋੜਣ ਦੀ ਲੋੜ ਨੂੰ ਦੁਹਰਾਉਂਦਿਆਂ ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਦੇ ਮੱਦੇਨਜ਼ਰ ਤੁਪਕਾ ਸਿੰਚਾਈ ਅਤੇ ਹਾਈਡ੍ਰੋਪੋਨਿਕਸ ਦੇ ਆਧੁਨਿਕ ਅਮਲਾਂ ਵਿੱਚ ਵੀ ਦਿਲਚਸਪੀ ਦਿਖਾਉਣਗੇ। ਉਨ੍ਹਾਂ ਨੇ ਡੇਅਰੀ ਸੈਕਟਰ ਨੂੰ ਹੁਲਾਰਾ ਦੇਣ ਵਾਸਤੇ ਇਜ਼ਰਾਈਲੀ ਢੰਗ ਤਰੀਕਿਆਂ ਨੂੰ ਅਪਨਾਉਣ ਵਿੱਚ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ ਉਹ ਪੌਦਿਆਂ ਦੀ ਹਾਈਬ੍ਰਿਡ ਉਤਪਾਦ ਵਿੱਚ ਤਕਨਾਲੋਜੀ ਦੇ ਵਿਕਾਸ ਦੀ ਜਾਣਕਾਰੀ ਹਾਸਲ ਕਰਨ ਲਈ ਇਜ਼ਰਾਈਲ ਦੀਆਂ ਨਰਸਰੀਆਂ ਅਤੇ ਬਗ਼ੀਚਿਆਂ ਦਾ ਦੌਰਾ ਕਰਨ ਦੀ ਇੱਛਾ ਰੱਖਦੇ ਹਨ।
ਮੁੱਖ ਮੰਤਰੀ ਨੇ ਪੰਜਾਬ ਵਿੱਚ ਨਿੰਬੂ ਜਾਤੀ ਦੇ ਫਲਾਂ ਦੇ ਮਿਆਰ ਵਿੱਚ ਸੁਧਾਰ ਲਈ ਇਜ਼ਰਾਈਲ ਦੀ ਸਹਾਇਤਾ ਦੀ ਤਵੱਕੋ ਰੱਖਦੇ ਹਨ ਕਿਉਂਕਿ ਪੰਜਾਬ ਇਸ ਵੇਲੇ ਕਿੰਨੂਆਂ ਦੇ ਉਤਪਾਦਨ ਵਿੱਚ ਮੋਹਰੀ ਹੈ ਅਤੇ ਇਹ ਮਿੱਠੇ ਸੰਤਰੇ ਦੀ ਵੱਡੀ ਪੱਧਰ ‘ਤੇ ਖੇਤੀ ਕਰਨੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਵਾਸਤੇ ਐਮ.ਐਨ.ਸੀਜ਼. ਵਿੱਚ ਇਸ ਦੀ ਲਾਹੇਵੰਦ ਮੰਡੀ ਹੈ। ਉਨ੍ਹਾਂ ਨੇ ਦੌਰੇ ‘ਤੇ ਆਏ ਵਫ਼ਦ ਨਾਲ ਪਸ਼ੂਧਨ ਦੇ ਵਿਕਾਸ ‘ਚ ਸਹਿਯੋਗ ਲਈ ਵੀ ਵਿਚਾਰ ਵਟਾਂਦਰਾ ਕੀਤਾ।
ਮੁੱਖ ਮੰਤਰੀ ਨੇ ਇਜ਼ਰਾਈਲ ਦੀ ਅਤਿ-ਅਧੁਨਿਕ ਤਕਨਾਲੋਜੀ ਵਿੱਚ ਗਹਿਰੀ ਦਿਲਚਸਪੀ ਵਿਖਾਈ ਅਤੇ ਪੰਜਾਬ ਦੇ ਸੁਰੱਖਿਆ ਦੇ ਖੇਤਰ ਵਿੱਚ ਸੁਧਾਰ ਵਾਸਤੇ ਖੁਫੀਆ ਅਤੇ ਹੋਮਲੈਂਡ ਸਕਿਊਰਿਟੀ ਨੂੰ ਹੁਲਾਰਾ ਦੇਣ ਲਈ ਇਜ਼ਰਾਈਲ ਦੀ ਅਤਿ-ਅਧੁਨਿਕ ਤਕਨਾਲੋਜੀ ਅਤੇ ਮਹਾਰਤ ਵਿੱਚ ਵੀ ਦਿਲਚਸਪੀ ਵਿਖਾਈ।
ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਉਦਯੋਗ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਖੇਤੀਬਾੜੀ ਵਿਸਵਾਜੀਤ ਖੰਨਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਵੀ ਹਾਜ਼ਰ ਸਨ।