ਬਹਿਬਲਕਲਾਂ ਗੋਲੀਕਾਂਡ ’ਤੇ ਕੈਪਟਨ-ਕੇਜਰੀਵਾਲ ’ਚ ‘ਟਵਿਟਰ ਵਾਰ’

ਚੰਡੀਗਡ਼੍ਹ- ਬਹਿਬਲਕਲਾਂ ਗੋਲੀਕਾਂਡ ’ਤੇ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਸੋਸ਼ਲ ਮੀਡਿਆ ’ਤੇ ਆਹਮਣੇ-ਸਾਹਮਣੇ ਆ ਗਏ। ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ਕਿ ਬਹਿਬਲਕਲਾਂ ਵਿਚ ਕੁਰਬਾਨੀ ਦੇਣ ਵਾਲੇ ਕ੍ਰਿਸ਼ਣ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੀ ਤੀਜੀ ਬਰਸੀ ’ਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਵਿਅਕਤ ਕਰਦਾ ਹਾਂ। ਇਹ ਬੇਹੱਦ ਬਦਕਿਸਮਤੀ ਭਰਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਤੇ ਦੋ ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਕੈਪਟਨ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਹੈ।
ਅਰਵਿੰਦ ਦੇ ਇਸ ਟਵੀਟ ’ਤੇ ਕਰੀਬ 5 ਘੰਟੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਕੇਜਰੀਵਾਲ ਦੇ ਟਵੀਟ ’ਤੇ ਜਵਾਬੀ ਹਮਲਾ ਕਰਦੇ ਹੋਏ ਕੈਪਟਨ ਨੇ ਲਿਖਿਆ ਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ ’ਤੇ ਰਾਜਨੀਤੀ ਬੰਦ ਕਰੇ। ਇਹ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਕ ਜ਼ਿੰਮੇਵਾਰ ਵਿਅਕਤੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਦੇ ਸਿੱਟੇ ਦਾ ਇੰਤਜ਼ਾਰ ਕੀਤੇ ਬਿਨਾਂ ਕਨੂੰਨ ਨੂੰ ਤਾਕ ’ਤੇ ਰੱਖਣ ਦੀ ਗੱਲ ਕਰ ਰਿਹਾ ਹੈ। ਅਸੀ ਕਿਸੇ ਅਰਾਜਕਤਾ ਵਾਲੇ ਮਾਹੌਲ ’ਚ ਨਹੀਂ ਰਹਿੰਦੇ ਹਾਂ। ਤੁਹਾਡੇ ਤੋਂ ਬਿਹਤਰ ਇਸ ਬਾਰੇ ’ਚ ਕੌਣ ਜਾਣ ਸਕਦਾ ਹੈ ਕਿ ਕਨੂੰਨ ਦੇ ਹਿਸਾਬ ਨਾਲ ਨਾ ਚੱਲਣ ਵਾਲਿਆਂ ਨਾਲ ਕੀ ਹੁੰਦਾ ਹੈ। ਯਾਦ ਕਰੋ ਬਾਦਲ ਕੁਟੁੰਬ ਤੋਂ ਆਪਣੇ ਮੁਆਫੀਨਾਮੇ ਨੂੰ?
ਟਵਿਟਰ ’ਤੇ ਕੈਪਟਨ-ਕੇਜਰੀਵਾਲ ਦੀਆਂ ਇਨ੍ਹਾਂ ਟਿੱਪਣੀਆਂ ਤੋਂ ਬਾਅਦ ਕਈ ਸਮਾਜਿਕ ਸੰਗਠਨ ਦੇ ਪ੍ਰਤਿਨਿਧੀ, ਵਕੀਲ, ਨੇਤਾਵਾਂ ਨੇ ਵੀ ਪ੍ਰਤੀਕਿਰਿਆ ਦਿੱਤੀ, ਜਿਸਦੇ ਚਲਦੇ ਟਵਿਟਰ ’ਤੇ ਦੇਰ ਰਾਤ ਬਹਬਲਕਲਾਂ ਦਾ ਮਾਮਲਾ ਸੁਰਖੀਆਂ ’ਚ ਛਾਇਆ ਰਿਹਾ। ਕੁੱਝ ਨੇ ਕੇਜਰੀਵਾਲ ਦੇ ਪੱਖ ’ਚ ਆਪਣੀ ਦਲੀਲ਼ ਰੱਖੀ ਤਾਂ ਕੁੱਝ ਨੇ ਅਮਰਿੰਦਰ ਦੀ ਪ੍ਰਤੀਕਿਰਿਆ ’ਤੇ ਸੰਤੋਸ਼ ਜਤਾਇਆ। ਹਾਲਾਂਕਿ ਜ਼ਿਆਦਾਤਰ ਟਿਪਣੀਆਂ ਇਸ ਗੱਲ ’ਤੇ ਕੇਂਦਰਿਤ ਰਹੀਆਂ ਕਿ ਗੋਲੀਕਾਂਡ ਮਾਮਲੇ ਵਿਚ ਸਰਕਾਰ ਛੇਤੀ ਤੋਂ ਛੇਤੀ ਸਖ਼ਤ ਕਾਰਵਾਈ ਕਰੇ।
ਪ੍ਰਤਾਪ ਸਿੰਘ ਬਜਾਵਾ ਨੇ ਕਿਹਾ, ਨਿਆਂ ’ਚ ਦੇਰੀ, ਬੇਇਨਸਾਫ਼ੀ ਹੈ
ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਹਿਬਲਕਲਾਂ ਗੋਲੀਕਾਂਡ ਦੀ ਤੀਜੀ ਬਰਸੀ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਚਿਤ ਸਮਾਂ ਹੈ। ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ। ਉਨ੍ਹਾਂ ਨੇ ਲਿਖਿਆ ‘ਜਸਟਿਸ ਡੀਲੇਡ ਇਜ਼ ਜਸਟਿਸ ਡਿਨਾਇਡ’ ਭਾਵ ਨਿਆਂ ’ਚ ਦੇਰੀ, ਬੇਇਨਸਾਫ਼ੀ ਹੈ।