ਕੋਚੀ — ਕੇਰਲ ਹਾਈ ਕੋਰਟ ਨੇ ਸੋਮਵਾਰ ਨੂੰ ਰੋਮਨ ਕੈਥੋਲਿਕ ਪਾਦਰੀ ਫਰੈਂਕੋ ਮੁਲਕੱਲ (54) ਨੂੰ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਫਰੈਂਕੋ ‘ਤੇ ਇਕ ਨਨ ਨਾਲ ਕਈ ਵਾਰ ਰੇਪ ਕਰਨ ਦੇ ਦੋਸ਼ ਲੱਗੇ ਹਨ। ਜੱਜ ਰਾਜਾ ਵਿਜੇਰਾਘਵਨ ਨੇ ਫਰੈਂਕੋ ਦੀ ਜ਼ਮਾਨਤ ਮਨਜ਼ੂਰ ਕਰਦੇ ਹੋਏ ਉਸ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣਾ ਪਾਸਪੋਰਟ ਅਧਿਕਾਰੀਆਂ ਨੂੰ ਜਮਾਂ ਕਰਵਾਏ ਅਤੇ ਹਰ ਦੋ ਹਫਤਿਆਂ ‘ਚ ਇਕ ਵਾਰ ਸ਼ਨੀਵਾਰ ਦੇ ਦਿਨ ਜਾਂਚ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਤੋਂ ਇਲਾਵਾ ਕਦੇ ਵੀ ਕੇਰਲ ਵਿਚ ਦਾਖਲ ਨਾ ਹੋਵੇ। ਇਸ ਮਾਮਲੇ ਵਿਚ ਦੋਸ਼ ਪੱਤਰ ਦਾਇਰ ਕੀਤੇ ਜਾਣ ਤਕ ਫਰੈਂਕੋ ‘ਤੇ ਇਹ ਸ਼ਰਤਾਂ ਪ੍ਰਭਾਵੀ ਰਹਿਣਗੀਆਂ।
ਇੱਥੇ ਦੱਸ ਦੇਈਏ ਕਿ ਬੀਤੀ 3 ਅਕਤੂਬਰ ਨੂੰ ਹਾਈ ਕੋਰਟ ਨੇ ਫਰੈਂਕੋ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਸ ਸਮੇਂ ਅਦਾਲਤ ਨੇ ਇਸਤਗਾਸਾ ਦੀ ਇਹ ਦਲੀਲ ਮਨਜ਼ੂਰ ਕਰ ਲਈ ਸੀ ਕਿ ਸਮਾਜ ਵਿਚ ਉੱਚਾ ਦਰਜਾ ਰੱਖਣ ਵਾਲਾ ਦੋਸ਼ੀ ਜ਼ਮਾਨਤ ਦਿੱਤੇ ਜਾਣ ‘ਤੇ ਇਸ ਮਾਮਲੇ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇਗਾ।ਫਰੈਂਕੋ ਅਜੇ ਕੋਟਾਯਮ ਜ਼ਿਲੇ ਦੀ ਇਕ ਉੱਪ-ਜੇਲ ਵਿਚ ਬੰਦ ਹੈ। ਇਕ ਮੈਜਿਸਟ੍ਰੇਟ ਅਦਾਲਤ ਵਲੋਂ ਆਪਣੀ ਨਿਆਂਇਕ ਹਿਰਾਸਤ ਵਧਾਏ ਜਾਣ ਤੋਂ ਬਾਅਦ ਫਰੈਂਕੋ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ ਅਤੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਪੁਲਸ ਨੇ ਦੋਸ਼ੀ ਪਾਦਰੀ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਮਾਮਲੇ ਦੀ ਅਜੇ ਜਾਂਚ ਚਲ ਰਹੀ ਹੈ।
ਜ਼ਿਕਰਯੋਗ ਹੈ ਕਿ ਜੂਨ 2014 ਵਿਚ ਕੋਟਾਯਨ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਨਨ (45) ਨੇ ਦੋਸ਼ ਲਾਇਆ ਸੀ ਕਿ ਫਰੈਂਕੋ ਨੇ ਮਈ 2014 ਵਿਚ ਕੁਰਵਿਲਾਂਗੜ੍ਹ ਦੇ ਇਕ ਗੈਸਟ ਹਾਊਸ ਵਿਚ ਉਸ ਨਾਲ ਰੇਪ ਕੀਤਾ ਅਤੇ ਬਾਅਦ ਵਿਚ ਕਈ ਮੌਕਿਆਂ ‘ਤੇ ਉਸ ਦਾ ਯੌਨ ਸ਼ੋਸ਼ਣ ਕੀਤਾ ਗਿਆ। ਨਨ ਨੇ ਕਿਹਾ ਕਿ ਚਰਚ ਦੇ ਅਧਿਕਾਰੀਆਂ ਨੇ ਜਦੋਂ ਪਾਦਰੀ ਫਰੈਂਕੋ ਵਿਰੁੱਧ ਸ਼ਿਕਾਇਤ ‘ਤੇ ਕੋਈ ਕਦਮ ਨਹੀਂ ਚੁੱਕਿਆ ਤਾਂ ਉਸ ਨੇ ਪੁਲਸ ਦਾ ਰੁਖ਼ ਕੀਤਾ। ਓਧਰ ਫਰੈਂਕੋ ਨੇ ਰੇਪ ਅਤੇ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਨ ਨੇ ਉਸ ‘ਤੇ ਅਜਿਹੇ ਦੋਸ਼ ਇਸ ਲਈ ਲਾਏ ਕਿਉਂਕਿ ਕੈਥੋਲਿਕ ਵਿਵਸਥਾ ਨੇ ਉਸ ਦੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਪਿਛਲੇ ਮਹੀਨੇ ਫਰੈਂਕੋ ਨੇ ਜਲੰਧਰ ਡਾਇਓਸੀਜ਼ ਦੇ ਪਾਦਰੀ ਦਾ ਅਹੁਦਾ ਛੱਡ ਦਿੱਤਾ ਸੀ।